ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ-ਐੱਨਸੀਆਰ ਵਿੱਚ ਮੀਂਹ ਨੇ ਆਵਾਜਾਈ ਨੂੰ ਬਰੇਕਾਂ ਲਾਈਆਂ

ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰ ਪ੍ਰੇਸ਼ਾਨ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 10 ਜੁਲਾਈ

Advertisement

ਅੱਜ ਇੱਥੇ ਮੀਂਹ ਨੇ ਦਿੱਲੀ-ਐਨਸੀਆਰ ਆਮ ਜਨ ਜੀਵਨ ਪ੍ਰਭਾਵਿਤ ਕੀਤਾ। ਸੜਕਾਂ ’ਤੇ ਕਈ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕ ਖੱਜਲ ਖੁਆਰ ਹੋਏ। ਦਿੱਲੀ ਅਤੇ ਗੁਰੂਗ੍ਰਾਮ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਮੁੱਖ ਸੜਕਾਂ ਦੇ ਨਾਲ-ਨਾਲ ਹਾਈਵੇਅ ’ਤੇ ਲੰਮਾ ਟਰੈਫਿਕ ਜਾਮ ਹੋ ਗਿਆ। ਅੱਜ ਦਿਨ ਵੇਲੇ ਰੁਕ ਰੁਕ ਕੇ ਮੀਂਹ ਪਿਆ।

ਰਾਤ ਸਮੇਂ ਗੋਬਿੰਦਪੁਰੀ, ਦੱਖਣੀ ਦਿੱਲੀ ਦੇ ਬਦਰਪੁਰ ਪ੍ਰਹਿਲਾਦਪੁਰ ਸਣੇ ਈਸਟ ਆਫ ਕੈਲਾਸ਼ ਵਿੱਚ ਲੋਕਾਂ ਨੂੰ ਤਿੰਨ ਤੋਂ ਪੰਜ ਘੰਟੇ ਤੱਕ ਟਰੈਫਿਕ ਜਾਮ ਵਿੱਚ ਫਸਣਾ ਪਿਆ। ਪੰਜਾਬੀ ਕਹਾਣੀਕਾਰ ਸੁਰਿੰਦਰ ਸਿੰਘ ਉਬਰਾਏ ਨੇ ਦੱਸਿਆ ਕਿ ਉਹ ਭਾਰਤੀ ਸਾਹਿਤ ਅਕੈਡਮੀ ਦੇ ਸਮਾਗਮ ਮਗਰੋਂ ਸ਼ਾਮ 7 ਵਜੇ ਤੋਂ ਫਰੀਦਾਬਾਦ ਲਈ ਚੱਲੇ ਪਰ ਉਹ ਰਾਤ ਦੇ ਇੱਕ ਵਜੇ ਆਪਣੇ ਘਰ ਪਹੁੰਚ ਸਕੇ। ਰਾਹ ਵਿੱਚ ਜਾਮ ਨੇ ਬਰੇਕਾਂ ਲਾਈ ਰੱਖੀਆਂ। ਪੀਕ ਆਵਰਜ਼ ਦੌਰਾਨ ਵਾਹਨਾਂ ਦਾ ਦਬਾਅ ਵੀ ਜ਼ਿਆਦਾ ਹੁੰਦਾ ਹੈ, ਇਸ ਦੇ ਨਾਲ ਹੀ ਮੀਂਹ ਕਾਰਨ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਭਰਨ ਕਾਰਨ ਸੀਲਮਪੁਰ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਸੀਲਮਪੁਰ ਵਿੱਚ ਸਰਵਿਸ ਰੋਡ ‘ਤੇ ਮੀਂਹ ਦਾ ਪਾਣੀ ਭਰ ਗਿਆ। ਇਸ ਦੌਰਾਨ ਲੋਕਾਂ ਨੂੰ ਹਾਦਸੇ ਤੋਂ ਬਚਾਉਣ ਲਈ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰਨਾ ਪਿਆ। ਦਿੱਲੀ ਵਿੱਚ ਭਾਰੀ ਮੀਂਹ ਕਾਰਨ ਦਫ਼ਤਰ ਤੋਂ ਘਰ ਪਰਤਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ ਲੋਕ ਬਹੁਤ ਖੁਆਰ ਹੋਏ। ਆਈਟੀਓ ‘ਤੇ ਇੰਨੀ ਤੇਜ਼ ਬਾਰਿਸ਼ ਹੋਈ ਕਿ ਹਨੇਰਾ ਹੋ ਗਿਆ, ਇਸ ਦੌਰਾਨ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਗਾ ਕੇ ਲੰਘਣਾ ਪਿਆ। ਭਾਰੀ ਮੀਂਹ ਦੌਰਾਨ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਗਈ, ਜਿਸ ਕਾਰਨ ਮੋਦੀ ਮਿੱਲ ਫਲਾਈਓਵਰ ਤੋਂ ਆਈਆਈਟੀ ਤੱਕ ਸੜਕ ‘ਤੇ ਵੱਡਾ ਜਾਮ ਲੱਗ ਗਿਆ। ਮੀਂਹ ਕਾਰਨ ਮੋਦੀ ਮਿੱਲ ਫਲਾਈਓਵਰ ਦੇ ਨੇੜੇ ਭਾਰੀ ਪਾਣੀ ਭਰ ਗਿਆ। ਇਸ ਦੌਰਾਨ ਵਾਹਨਾਂ ਨੂੰ ਇਸ ਪਾਣੀ ਵਿੱਚੋਂ ਲੰਘਣਾ ਪਿਆ। ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਨਹਿਰੂ ਪਲੇਸ, ਆਈਟੀਓ, ਆਸ਼ਰਮ, ਲਾਜਪਤ ਨਗਰ, ਆਊਟਰ ਰਿੰਗ ਰੋਡ, ਚਿਰਾਗ ਦਿੱਲੀ ਫਲਾਈਓਵਰ ਅਤੇ ਅਕਸ਼ਰਧਾਮ ਸਣੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਨਜਫਗੜ੍ਹ ਵਿੱਚ ਸਭ ਤੋਂ ਵੱਧ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂਕਿ ਹੋਰ ਇਲਾਕਿਆਂ ਵਿੱਚ ਵੀ 10 ਤੋਂ 50 ਮਿਲੀਮੀਟਰ ਤੱਕ ਮੀਂਹ ਪਿਆ।

ਦਿੱਲੀ ਐੱਨਸੀਆਰ ਵਿਚ ਭਾਰਤੀ ਮੌਸਮ ਵਿਭਾਗ ਨੇ ਓਰੈਂਜ ਅਲਰਟ ਜਾਰੀ ਕੀਤਾ ਹੈ। ਦਿੱਲੀ ਐੱਨਸੀਆਰ ਵਿਚ ਕਈ ਇਲਾਕਿਆਂ ਵਿਚ ਪਾਣੀ ਭਰਨ ਵਾਲੇ ਹਾਲਾਤ ਬਣ ਗਏ। ਗੁਰੂਗ੍ਰਾਮ ‘ਚ ਪਿਛਲੇ 12 ਘੰਟਿਆਂ ’ਚ ਰਿਕਾਰਡ 133 ਮਿਲੀਮੀਟਰ ਮੀਂਹ ਪਿਆ, ਜਿਸ ਨਾਲ ਸ਼ਹਿਰ ਦੇ ਕਈ ਮੁੱਖ ਮਾਰਗਾਂ ’ਤੇ ਪਾਣੀ ਭਰ ਗਿਆ।

ਮਿੰਟੋ ਬ੍ਰਿਜ ਦੇ ਹੇਠਾਂ ਕੋਈ ਪਾਣੀ ਇਕੱਠਾ ਨਹੀਂ ਹੋਇਆ: ਵਰਮਾ

ਨਵੀਂ ਦਿੱਲੀ(ਪੱਤਰ ਪ੍ਰੇਰਕ): ਦਿੱਲੀ ਲਈ ਮੀਂਹ ਪਵੇ ਤੇ ਮਿੰਟੋ ਬ੍ਰਿਜ ਦੇ ਹੇਠਾਂ ਕਈ ਫੁੱਟ ਪਾਣੀ ਨਾ ਹੋਵੇ, ਇਹ ਹਰ ਸਾਲ ਹੁੰਦਾ ਆਇਆ ਹੈ। ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਬੁੱਧਵਾਰ ਨੂੰ ਰਾਜਧਾਨੀ ਦੇ ਸਭ ਤੋਂ ਮਸ਼ਹੂਰ ਮੌਨਸੂਨ ਜਾਮ - ਮਿੰਟੋ ਬ੍ਰਿਜ ਅੰਡਰਪਾਸ - ਤੋਂ ਇੱਕ ਵੀਡੀਓ ਰਿਕਾਰਡ ਕੀਤਾ ਜਿਸ ਵਿੱਚ ਦਿਖਾਇਆ ਗਿਆ ਕਿ ਉੱਥੇ ਕੋਈ ਪਾਣੀ ਭਰਿਆ ਨਹੀਂ ਸੀ। ਮੰਤਰੀ ਪ੍ਰਵੇਸ਼ ਵਰਮਾ ਵੱਲੋਂ ਇਹ ਅਚਾਨਕ ਨਿਰੀਖਣ ਬੁੱਧਵਾਰ ਸ਼ਾਮ ਨੂੰ ਦਿੱਲੀ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਦੇ ਦਫਤਰ ਵੱਲੋਂ ਸਾਂਝੇ ਕੀਤੇ ਗਏ ਵੀਡੀਓ ਵਿੱਚ, ਵਰਮਾ ਅੰਡਰਪਾਸ ਤੋਂ ਲੰਘਦੇ ਟਰੈਫਿਕ ਨੂੰ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਹ ਵੀਡੀਓ ਵਿੱਚ ਕਹਿੰਦੇ ਹਨ ਕਿ ਦਿੱਲੀ ਵਿੱਚ ਮੌਨਸੂਨ ਦਾ ਸਵਾਗਤ ਹੈ। ਪਿਛਲੇ ਇੱਕ ਘੰਟੇ ਤੋਂ ਮੀਂਹ ਪੈ ਰਿਹਾ ਹੈ, ਪਰ ਮਿੰਟੋ ਬ੍ਰਿਜ ‘ਤੇ ਕੋਈ ਪਾਣੀ ਭਰਿਆ ਨਹੀਂ ਹੈ - ਉਹੀ ਅੰਡਰਪਾਸ ਜਿੱਥੇ ਹਰ ਮੌਨਸੂਨ ਵਿੱਚ ਬੱਸਾਂ ਪਾਣੀ ਵਿੱਚ ਡੁੱਬੀਆਂ ਦੇਖੀਆਂ ਜਾ ਸਕਦੀਆਂ ਸਨ। ਪਰ ਬਾਕੀ ਦਿੱਲੀ ਵਿੱਚ ਹਾਲਤ ਬਦਤਰ ਰਹੇ। ਉਧਰ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵਿਧਾਨ ਸਭਾ ਖੇਤਰ ਵਿੱਚ ਥਾਂ-ਥਾਂ ਪਾਣੀ ਭਰਿਆ ਅਤੇ ਲੋਕ ਪਾਣੀ ਵਿੱਚ ਫਸੇ ਨਜ਼ਰ ਆਏ।

Advertisement