ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਹੁਲ ਨੇ ‘ਵੋਟ ਚੋਰੀ’ ਦਾ ਦਿੱਤਾ ਸਬੂਤ

ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਦੇ ਇਕ ਹਲਕੇ ’ਚ ਹੇਰਾ-ਫੇਰੀ ਦੇ ਨਸ਼ਰ ਕੀਤੇ ਅੰਕਡ਼ੇ
ਵੋਟ ਚੋਰੀ ਦੇ ਮੁੱਦੇ ’ਤੇ ਇੰਡੀਆ ਗੱਠਜੋੜ ਦੇ ਆਗੂਆਂ ਨਾਲ ਚਰਚਾ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੇ ਇਕ ਲੋਕ ਸਭਾ ਹਲਕੇ ’ਚ 2024 ’ਚ ਪਈਆਂ ਵੋਟਾਂ ਦੇ ਅੰਕੜੇ ਪੇਸ਼ ਕਰਦਿਆਂ ਧਮਾਕਾਖੇਜ਼ ਦਾਅਵਾ ਕੀਤਾ ਕਿ ਭਾਜਪਾ ਨੇ ਚੋਣ ਕਮਿਸ਼ਨ ਰਾਹੀਂ ਚੋਣਾਂ ’ਚ ਵੱਡਾ ਅਪਰਾਧਿਕ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਖ਼ਿਲਾਫ਼ ਅਪਰਾਧ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਦੀ ਹੋਂਦ ਖ਼ਤਮ ਹੁੰਦੀ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ‘ਅਪਰਾਧਿਕ ਸਬੂਤ’ ਇਕੱਠੇ ਕੀਤੇ ਗਏ ਹਨ ਅਤੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਮੁਲਕ ’ਚ ਅਜਿਹੇ ਸਬੂਤ ਨਸ਼ਟ ਕਰਨ ’ਚ ਰੁੱਝਿਆ ਹੋਇਆ ਹੈ। ਇਥੇ ਕਾਂਗਰਸ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੇ ਦਸਤਖ਼ਤਾਂ ਵਾਲਾ ਹਲਫ਼ਨਾਮਾ ਮੰਗਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਜਨਤਕ ਤੌਰ ’ਤੇ ਬਿਆਨ ਦਿੱਤੇ ਹਨ ਅਤੇ ਉਹ ਇਸ ਨੂੰ ਹਲਫ਼ਨਾਮੇ ਵਜੋਂ ਲੈ ਸਕਦੇ ਹਨ। ਉਨ੍ਹਾਂ ‘ਵੋਟ ਚੋਰੀ’ ਦੇ ਸਿਰਲੇਖ ਹੇਠ ਪੱਤਰਕਾਰਾਂ ਅੱਗੇ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦੇ ਅੰਕੜਿਆਂ ਰੱਖਦਿਆਂ ਚੋਣਾਂ ’ਚ ਹੇਰਾਫੇਰੀ ਦਾ ਦਾਅਵਾ ਕੀਤਾ। ਰਾਹੁਲ ਗਾਂਧੀ ਨੇ ਦੱਸਿਆ ਕਿ ‘ਚੋਣ ਹੇਰਾਫੇਰੀ’ ਦੇ ਸਬੂਤ ਇਕੱਤਰ ਕਰਨ ਵਿਚ ਕੁੱਲ ਛੇ ਮਹੀਨਿਆਂ ਦਾ ਸਮਾਂ ਲੱਗਾ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਵੋਟਰ ਸੂਚੀਆਂ ਨੂੰ ‘ਮਸ਼ੀਨ ਦੇ ਪੜ੍ਹਨ ਯੋਗ’ ਡੇਟਾ ਮੁਹੱਈਆ ਨਹੀਂ ਕਰਵਾ ਰਿਹਾ ਤਾਂ ਜੋ ਇਹ ਚੋਰੀ ਫੜੀ ਨਾ ਜਾ ਸਕੇ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬੰਗਲੁੁਰੂ ਕੇਂਦਰੀ ਲੋਕ ਸਭਾ ਸੀਟ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੇ ਡੇਟਾ ਦੀ ਸਮੀਖਿਆ ਕੀਤੀ ਤੇ ਇਸ ਦੌਰਾਨ ਗੜਬੜੀ ਦਾ ਪਤਾ ਲੱਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਬੰਗਲੂਰੂ ਕੇਂਦਰੀ ਲੋਕ ਸਭਾ ਸੀਟ ਦੇ ਸਾਰੇ ਸੱਤ ਵਿਧਾਨ ਸਭਾ ਹਲਕਿਆਂ ਵਿਚੋਂ 6 ’ਚ ਪੱਛੜ ਗਈ ਸੀ ਪਰ ਮਹਾਦੇਵਪੁਰਾ ਵਿਚ ਉਸ ਨੂੰ ਇਕਤਰਫ਼ਾ ਵੋਟਾਂ ਮਿਲੀਆਂ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿੱਚ 1,00,250 ਵੋਟਾਂ ਚੋਰੀ ਹੋਈਆਂ ਸਨ। ਉਨ੍ਹਾਂ ਕਿਹਾ ਕਿ ਬੰਗਲੂਰੂ ਸੈਂਟਰਲ ਸੀਟ ’ਤੇ ਭਾਜਪਾ ਨੂੰ 6,58,915 ਵੋਟਾਂ ਮਿਲੀਆਂ ਸਨ ਅਤੇ ਉਸ ਨੇ ਇਹ ਚੋਣ 32,707 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ‘ਮਹਾਦੇਵਪੁਰਾ ਵਿਧਾਨ ਸਭਾ ਹਲਕੇ ’ਚ ਕਾਂਗਰਸ ਨੂੰ 1,15,586 ਵੋਟਾਂ ਜਦਕਿ ਭਾਜਪਾ ਨੂੰ 2,29,632 ਵੋਟਾਂ ਮਿਲੀਆਂ ਸਨ। ਕਾਂਗਰਸ ਨੇ ਮਹਾਦੇਵਪੁਰਾ ਨੂੰ ਛੱਡ ਕੇ ਬਾਕੀ ਛੇ ਵਿਧਾਨ ਸਭਾ ਹਲਕਿਆਂ ’ਚ ਜਿੱਤ ਹਾਸਲ ਕੀਤੀ ਸੀ ਜਿਥੇ ਭਾਜਪਾ ਨੇ 1,14,046 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਮਹਾਦੇਵਪੁਰਾ ’ਚ ਮਿਲੀਆਂ ਵੋਟਾਂ ਕਾਰਨ ਹੀ ਭਾਜਪਾ ਲੋਕ ਸਭਾ ਸੀਟ ਜਿੱਤਣ ’ਚ ਕਾਮਯਾਬ ਰਹੀ।’ ਕਾਂਗਰਸ ਆਗੂ ਨੇ ਕਿਹਾ, ‘‘ਸਾਡੇ ਸੰਵਿਧਾਨ ਵਿੱਚ ਜੋ ਗੱਲਾਂ ਹਨ ਉਹ ਇਸ ਤੱਥ ’ਤੇ ਅਧਾਰਤ ਹਨ ਕਿ ਇੱਕ ਵਿਅਕਤੀ ਨੂੰ ਇੱਕ ਵੋਟ ਦਾ ਅਧਿਕਾਰ ਹੋਵੇਗਾ। ਸਵਾਲ ਇਹ ਹੈ ਕਿ ਹੁਣ ਇਹ ਵਿਚਾਰ ਕਿੰਨਾ ਸੁਰੱਖਿਅਤ ਹੈ ਕਿ ਇੱਕ ਵਿਅਕਤੀ ਨੂੰ ਇੱਕ ਵੋਟ ਦਾ ਅਧਿਕਾਰ ਮਿਲੇਗਾ?’’ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਵੇਖਣ ਕੁਝ ਕਹਿ ਰਹੇ ਸਨ ਪਰ ਨਤੀਜੇ ਕੁਝ ਹੋਰ ਹੀ ਨਿਕਲੇ। ਕਾਂਗਰਸ ਨੇਤਾ ਨੇ ਕਿਹਾ, ‘‘ਜਦੋਂ ਈਵੀਐੱਮਜ਼ ਨਹੀਂ ਸਨ ਤਾਂ ਪੂਰਾ ਦੇਸ਼ ਇੱਕ ਦਿਨ ਵੋਟ ਪਾਉਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਵੋਟਿੰਗ ਕਈ ਪੜਾਵਾਂ ਵਿੱਚ ਹੁੰਦੀ ਹੈ। ਇਸ ਲਈ ਲੰਬੇ ਸਮੇਂ ਤੋਂ ਸ਼ੱਕ ਜਤਾਇਆ ਜਾ ਰਿਹਾ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਵਿੱਚ ਪੰਜ ਮਹੀਨਿਆਂ ਅੰਦਰ ਇੰਨੇ ਵੋਟਰਾਂ ਦੇ ਨਾਮ ਜੋੜੇ ਗਏ, ਜੋ ਪਹਿਲੇ ਪੰਜ ਸਾਲਾਂ ਦੀ ਮਿਆਦ ਵਿੱਚ ਨਹੀਂ ਜੋੜੇ ਗਏ ਸਨ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਕਰੋੜ ਵੋਟਰ ਵਧੇ। ਅਸੀਂ ਚੋਣ ਕਮਿਸ਼ਨ ਕੋਲ ਗਏ ਅਤੇ ਪੂਰੇ ਯਕੀਨ ਨਾਲ ਕਿਹਾ ਕਿ ਮਹਾਰਾਸ਼ਟਰ ਵਿੱਚ ਵੋਟ ਚੋਰੀ ਹੋਈ ਸੀ।’’ ਉਨ੍ਹਾਂ ਮੁਤਾਬਕ ਚੋਣ ਕਮਿਸ਼ਨ ਨੇ ‘ਮਸ਼ੀਨ ਰੀਡੇਬਲ’ ਵੋਟਰ ਸੂਚੀ ਦੇਣ ਤੋਂ ਇਨਕਾਰ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ, ‘‘ਪਹਿਲਾਂ ਸਾਡੇ ਕੋਲ ਇਸ ਗੱਲ ਦਾ ਸਬੂਤ ਨਹੀਂ ਸੀ ਕਿ ਭਾਜਪਾ ਨਾਲ ਮਿਲੀਭੁਗਤ ਕਰਕੇ ਹੇਰਾਫੇਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਸੀਂ ਪਤਾ ਲਗਾਉਣ ਦਾ ਫੈਸਲਾ ਕੀਤਾ।’’ ਰਾਹੁਲ ਗਾਂਧੀ ਨੇ ਪਹਿਲੀ ਅਗਸਤ ਨੂੰ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ਵਿੱਚ ਸ਼ਾਮਲ ਹੈ ਅਤੇ ਉਨ੍ਹਾਂ ਕੋਲ ਇੰਨੇ ਪੱਕੇ ਸਬੂਤ ਹਨ ਜੋ ‘ਐਟਮ ਬੰਬ’ ਵਾਂਗ ਹਨ, ਜਿਸ ਤੋਂ ਬਾਅਦ ਕਮਿਸ਼ਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਮਿਲੇਗੀ। -ਪੀਟੀਆਈ

ਰਾਹੁਲ ਦੀ ਰਿਹਾਇਸ਼ ’ਤੇ ਜੁੜੇ ਵਿਰੋਧੀ ਧਿਰਾਂ ਦੇ ਆਗੂ

ਨਵੀਂ ਦਿੱਲੀ(ਉਬੀਰ ਨਕਸ਼ਬੰਦੀ): ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਇਥੇ ਰਿਹਾਇਸ਼ ’ਤੇ ‘ਇੰਡੀਆ’ ਗੱਠਜੋੜ ਦੀਆਂ 25 ਪਾਰਟੀਆਂ ਦੇ ਕਰੀਬ 50 ਆਗੂ ਅੱਜ ਰਾਤ ਦੇ ਭੋਜਨ ’ਤੇ ਜੁੜੇ। ਇਸ ਮੌਕੇ ਕਾਂਗਰਸ, ਨੈਸ਼ਨਲ ਕਾਨਫਰੰਸ, ਪੀਡੀਪੀ, ਆਰਐੱਲਪੀ, ਐੱਸਪੀ, ਆਰਜੇਡੀ, ਵੀਆਈਪੀ, ਸੀਪੀਆਈ, ਸੀਪੀਐੱਮ, ਸੀਪੀਐੱਮਐੱਲ, ਐੱਫਬੀ, ਜੇਐੱਮਐੱਮ, ਟੀਐੱਮਸੀ, ਐੱਨਸੀਪੀ (ਐੱਸਪੀ), ਸ਼ਿਵ ਸੈਨਾ (ਯੂਬੀਟੀ), ਡੀਐੱਮਕੇ, ਵੀਸੀਕੇ, ਆਰਐੱਸਪੀ ਅਤੇ ਹੋਰ ਪਾਰਟੀਆਂ ਦੇ ਆਗੂ ਹਾਜ਼ਰ ਸਨ। ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਿਰੋਧੀ ਧਿਰਾਂ ਦੇ ਆਗੂਆਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ। ਮੀਟਿੰਗ ਦੌਰਾਨ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ ਅਤੇ ਉਪ ਰਾਸ਼ਟਰਪਤੀ ਦੀ ਚੋਣ ਜਿਹੇ ਮੁੱਦਿਆਂ ’ਤੇ ਚਰਚਾ ਹੋਈ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦਾ ਇਕ ਉਦੇਸ਼ ਇਹ ਸੁਨੇਹਾ ਵੀ ਦੇਣਾ ਸੀ ਕਿ ਵਿਰੋਧੀ ਧਿਰ ਰਾਹੁਲ ਦੇ ਸੱਦੇ ’ਤੇ ਇਕੱਠੀ ਹੋ ਸਕਦੀ ਹੈ। ਉਂਝ ਮਮਤਾ ਬੈਨਰਜੀ ਸਮੇਤ ਕਈ ਵੱਡੇ ਨਾਮ ਮੀਟਿੰਗ ਤੋਂ ਦੂਰ ਰਹੇ ਪਰ ਉਨ੍ਹਾਂ ਅਭਿਸ਼ੇਕ ਬੈਨਰਜੀ ਅਤੇ ਡੈਰੇਕ ’ਓ ਬ੍ਰਾਇਨ ਨੂੰ ਭੇਜ ਕੇ ਹਾਜ਼ਰੀ ਲੁਆਈ।

Advertisement

ਵੋਟਰ ਸੂਚੀ ’ਚ ਸ਼ਾਮਲ ਤੇ ਹਟਾਏ ਨਾਮ ਸਾਂਝੇ ਕਰਨ ਰਾਹੁਲ: ਮੁੱਖ ਚੋਣ ਅਧਿਕਾਰੀ

ਨਵੀਂ ਦਿੱਲੀ: ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੋਟਰ ਸੂਚੀ ’ਚ ਸ਼ਾਮਲ ਅਤੇ ਹਟਾਏ ਗਏ ਵੋਟਰਾਂ ਦੇ ਨਾਮ ਸਾਂਝੇ ਕਰਨ ਲਈ ਕਿਹਾ ਹੈ। ਰਾਹੁਲ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ ਸੂਬੇ ਦੀ ਵੋਟਰ ਸੂਚੀ ’ਚ ਗਲਤ ਢੰਗ ਨਾਲ ਸ਼ਾਮਲ ਕੀਤਾ ਗਿਆ ਜਾਂ ਬਾਹਰ ਰੱਖਿਆ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਮਾਮਲੇ ’ਚ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਲਈ ਕਾਂਗਰਸ ਆਗੂ ਨੂੰ ਆਪਣੇ ਦਸਤਖ਼ਤਾਂ ਵਾਲਾ ਹਲਫ਼ਨਾਮਾ ਦੇਣ ਦੀ ਵੀ ਮੰਗ ਕੀਤੀ ਹੈ। ਵੋਟਾਂ ’ਚ ਧੋਖਾਧੜੀ ਦੇ ਦੋਸ਼ ਲਾਏ ਜਾਣ ਮਗਰੋਂ ਲਿਖੇ ਪੱਤਰ ’ਚ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਰਾਂ ਦੇ ਨਾਮ ਸਮੇਤ ਹਲਫ਼ਨਾਮਾ ਭੇਜਿਆ ਜਾਵੇ ਤਾਂ ਜੋ ਜਾਂਚ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। -ਪੀਟੀਆਈ

ਮੋਦੀ ਮਾਮੂਲੀ ਬਹੁਮਤ ਵਾਲੇ ਪ੍ਰਧਾਨ ਮੰਤਰੀ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਮਾਮੂਲੀ ਬਹੁਮਤ ਵਾਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਸੱਤਾ ’ਚ ਬਣੇ ਰਹਿਣ ਲਈ ਸਿਰਫ਼ 25 ਸੀਟਾਂ ‘ਚੋਰੀ’ ਕਰਨ ਦੀ ਲੋੜ ਸੀ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ’ਚ 33 ਹਜ਼ਾਰ ਤੋਂ ਵੀ ਘੱਟ ਵੋਟਾਂ ਨਾਲ 25 ਸੀਟਾਂ ਜਿੱਤੀਆਂ ਸਨ ਅਤੇ ਇਨ੍ਹਾਂ ਸੀਟਾਂ ਦੀ ਵੋਟਰ ਸੂਚੀ ’ਚ ਗੜਬੜੀ ਹੋਣ ਦਾ ਸ਼ੱਕ ਹੈ। -ਪੀਟੀਆਈ

ਰਾਹੁਲ ਦੇ ਦੋਸ਼ ਗ਼ੈਰਜ਼ਿੰਮੇਵਾਰਾਨਾ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਉਨ੍ਹਾਂ ਦੀ ਚੋਣਾਂ ’ਚ ਜਿੱਤ ਨੂੰ ‘ਧੋਖਾਧੜੀ’ ਦੱਸ ਕੇ ਰਾਹੁਲ ਗਾਂਧੀ ਦੇਸ਼ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ। ਪਾਰਟੀ ਨੇ ਕਿਹਾ ਕਿ ਵੋਟਰ ਕਾਂਗਰਸ ਦੇ ਅਜਿਹੇ ‘ਗੈਰਜ਼ਿੰਮੇਵਾਰਾਨਾ ਅਤੇ ਬੇਸ਼ਰਮੀ ਭਰੇ ਸੁਭਾਅ ਤੇ ਵਿਹਾਰ’ ਲਈ ਉਸ ਨੂੰ ਖਾਰਜ ਕਰਦੇ ਰਹਿਣਗੇ। ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਨੇ ਚੋਣ ਕਮਿਸ਼ਨ ਖ਼ਿਲਾਫ਼ ਦੋਸ਼ ਨਿਰਾਸ਼ਾ ਅਤੇ ਗੁੱਸੇ ’ਚ ਆ ਕੇ ਲਗਾਏ ਹਨ ਕਿਉਂਕਿ ਲੋਕ ਕਾਂਗਰਸ ਨੂੰ ਫ਼ਤਵਾ ਨਹੀਂ ਦੇ ਰਹੇ ਹਨ। -ਪੀਟੀਆਈ

Advertisement