ਸ਼ਹੀਦੀ ਦਿਵਸ ਨੂੰ ਸਮਰਪਿਤ ਕੁਇਜ਼ ਤੇ ਭਾਸ਼ਣ ਮੁਕਾਬਲੇ
ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਸ਼ਣ, ਜੀਵਨੀ, ਬਹਿਸ ਅਤੇ ਆਮ ਗਿਆਨ (ਕੁਇਜ਼) ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵਿੱਚ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਨੇ ਸ਼ਹੀਦੀ ਦਿਵਸ ਦੀ ਮਹੱਤਤਾ ਅਤੇ ਮਨੁੱਖਤਾ ਪ੍ਰਤੀ ਗੁਰੂ ਸਾਹਿਬ ਦੀ ਦੇਣ ਬਾਰੇ ਚਾਨਣਾ ਪਾਇਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥਣ ਸਿਮਰਨ ਕੌਰ ਨੇ ਬਾਖੂਬੀ ਨਿਭਾਈ। ਵਿਦਿਆਰਥਣ ਹਰਸ਼ਦੀਪ ਕੌਰ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਲਾਸਾਨੀ ਕੁਰਬਾਨੀ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸੇ ਤਰ੍ਹਾਂ ਪੂਜਾ ਅਤੇ ਜੈਸਮੀਨ ਨੇ ਹਿੰਦੀ ਵਿੱਚ ਅਤੇ ਨੁਸ਼ਿਕਾ ਨੇ ਅੰਗਰੇਜ਼ੀ ਵਿੱਚ ਗੁਰੂ ਸਾਹਿਬ ਦੀ ਜੀਵਨੀ ਪੇਸ਼ ਕੀਤੀ, ਜਿਸ ਲਈ ਨੁਸ਼ਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੌਰਾਨ ਪੂਜਾ ਅਤੇ ਜੋਤੀ ਵੱਲੋਂ ਇੱਕ ਕੁਇਜ਼ ਵੀ ਕਰਵਾਇਆ ਗਿਆ, ਜਿਸ ਵਿੱਚ ਸਾਰੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥਣ ਸੰਜਨਾ ਅਤੇ ਨਿਸ਼ਾ ਨੇ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਉਣ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਧੜ ਦਾ ਸਸਕਾਰ ਕਰਨ ਵਰਗੇ ਸ਼ਹੀਦੀ ਸਾਕੇ ਨਾਲ ਜੁੜੇ ਪ੍ਰਸੰਗ ਸੁਣਾਏ। ਪ੍ਰਿਯੰਕਾ, ਮਨਜੋਤ, ਹਰਸ਼ਦੀਪ ਅਤੇ ਹੋਰ ਵਿਦਿਆਰਥਣਾਂ ਨੇ ਗੁਰੂ ਸਾਹਿਬ ਦੇ ਸਲੋਕਾਂ ਦਾ ਬਹੁਤ ਹੀ ਭਾਵੁਕਤਾ ਨਾਲ ਗਾਇਨ ਕੀਤਾ। ਲੈਕਚਰਾਰ ਵੀਰ ਸਿੰਘ ਨੇ ਵੀ ਗੁਰੂ ਸਾਹਿਬ ਨੂੰ ਸਮਰਪਿਤ ਆਪਣੀ ਰਚਨਾ ਪੇਸ਼ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਸਟਾਫ਼ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਪੰਕਜ ਕੁਮਾਰ, ਰਾਮਗੋਪਾਲ ਬਲਾਨਾ, ਵਿਕਾਸ ਕੁਮਾਰ, ਭੂਪ ਸਿੰਘ, ਹਰਦੀਪ ਸਿੰਘ, ਨਰੇਸ਼ ਕੁਮਾਰ, ਸ਼ੀਤਲ, ਸੁਨੀਲ ਕੁਮਾਰ, ਸੁਨੀਤਾ ਰਾਣੀ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
