ਪੀ ਡਬਲਿਊ ਡੀ ਦੇ ਕਾਮੇ 11 ਨੂੰ ਕਰਨਗੇ ਪ੍ਰਦਰਸ਼ਨ
ਸਰਵ ਕਰਮਚਾਰੀ ਸੰਘ ਨਾਲ ਸਬੰਧਿਤ ਹਰਿਆਣਾ ਸਰਕਾਰੀ ਪੀ.ਡਬਲਿਊ.ਡੀ ਮਕੈਨੀਕਲ ਵਰਕਰਜ਼ ਯੂਨੀਅਨ ਦੇ ਸੈਂਕੜੇ ਕਰਮਚਾਰੀ 11 ਅਕਤੂਬਰ ਨੂੰ ਭਿਵਾਨੀ ਵਿੱਚ ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਦੇ ਨਿਵਾਸ ਸਥਾਨ ’ਤੇ ਰਾਜ ਪੱਧਰੀ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੇ।
ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਕਰਮਚਾਰੀਆਂ ਨਾਲ ਉਨ੍ਹਾਂ ਦੇ ਦਫ਼ਤਰਾਂ ਵਿੱਚ ਹੋਈ ਬੈਠਕ ਵਿੱਚ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਕਾਲਾ, ਜ਼ਿਲ੍ਹਾ ਸਕੱਤਰ ਪ੍ਰੇਮ ਪ੍ਰਕਾਸ਼ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲੰਬਿਤ ਮੰਗਾਂ ਤੋਂ ਇਲਾਵਾ, ਇਹ ਪ੍ਰਦਰਸ਼ਨ ਜਨਤਕ ਸੇਵਾਵਾਂ ਦੀ ਰੱਖਿਆ, ਰੁਜ਼ਗਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਰੱਖਿਆ ਕਰਨ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਰੈਸ਼ਨੇਲਾਈਜ਼ੇਸ਼ਨ ਦੀ ਆੜ ਵਿੱਚ ਹਜ਼ਾਰਾਂ ਸਰਕਾਰੀ ਨੌਕਰੀਆਂ ਖਤਮ ਹੋ ਸਕਦੀਆਂ ਹਨ। ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਕੋਈ ਹੱਲ ਨਾ ਕੀਤਾ, ਤਾਂ ਉਹ ਭਵਿੱਖ ਵਿੱਚ ਇੱਕ ਵੱਡਾ ਫੈਸਲਾ ਲੈਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਸ਼ਨੇਲਾਈਜ਼ੇਸ਼ਨ ਦੇ ਨਾਂ ’ਤੇ ਤਿੰਨਾਂ ਵਿਭਾਗਾਂ ਵਿੱਚ ਕਰਮਚਾਰੀਆਂ ਦੀਆਂ ਅਸਾਮੀਆਂ ਨੂੰ ਘਟਾਊਣ ਦਾ ਵਿਰੋਧ ਕਰਨਾ, ਮਿਆਦ-ਨਿਯੁਕਤ ਪੰਚਾਇਤ ਪੰਪ ਆਪਰੇਟਰਾਂ ਅਤੇ ਸਾਰੇ ਠੇਕੇ ਦੇ ਕਰਮਚਾਰੀਆਂ ਨੂੰ ਪੱਕਾ ਕਰਨਾ ਅਤੇ ਹੋਰ ਮੰਗਾਂ ਸ਼ਾਮਲ ਹਨ।