Punjab News: 257 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ
ਅੰਬਾਲਾ ਛਾਉਣੀ ਨੇੜੇ ਸੀਆਈਏ-1 ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ‘ਚ ਗੁਪਤ ਸੁਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੀ ਪਛਾਣ ਸਿਕੰਦਰ ਵਾਸੀ ਡੇਹਾ ਕਾਲੋਨੀ ਅਤੇ ਰਾਜ ਕੁਮਾਰ ਉਰਫ ਪਾਈਆ ਵਾਸੀ ਗਵਾਲਾ ਮੰਡੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲੀਸ ਨੇ 257 ਗ੍ਰਾਮ 2 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ।
ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਨੁੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕੀਤਾ ਸੀ। ਅੱਜ ਅਦਾਲਤ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ-1 ਅੰਬਾਲਾ ਦੀ ਟੀਮ ਨੂੰ ਖੂਫ਼ੀਆ ਜਾਣਕਾਰੀ ਮਿਲੀ ਸੀ ਕਿ ਮੁਲਜਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਟਾਂਗਰੀ ਪੁਲ ਸ਼ਾਹਪੁਰ ਜੀ.ਟੀ. ਰੋਡ ਰਾਹੀਂ ਅੰਬਾਲਾ ਛਾਉਣੀ ਆ ਰਹੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜਮਾ ਨੂੰ ਕਾਬੂ ਕਰ ਕੇ ਤਲਾਸ਼ੀ ਲਈ, ਜਿਸ ਦੌਰਾਨ ਹੈਰੋਇਨ ਬਰਾਮਦ ਹੋਈ।