ਪੰਜਾਬ, ਹਰਿਆਣਾ ਦੇ ਸਿਆਸਤਦਾਨਾਂ ਵੱਲੋਂ ਮਹਿਲਾ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿੱਤ ’ਤੇ ਵਧਾਈ ਦਿੱਤੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸਿਆਸੀ ਆਗੂਆਂ ਨੇ ਸੋਮਵਾਰ ਨੂੰ ਆਈ ਸੀ ਸੀ ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਤਿਹਾਸਕ ਜਿੱਤ ’ਤੇ ਵਧਾਈ ਦਿੱਤੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਦੇਰ ਰਾਤ ਨਵੀਂ ਮੁੰਬਈ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤ ਕੇ ਦੇਸ਼ ਦੀਆਂ ਖੇਡ ਪ੍ਰਾਪਤੀਆਂ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਏ ਲਿਖਿਆ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "ਵਿਸ਼ਵ ਕੱਪ ਫਾਈਨਲ ਵਿੱਚ ਇਤਿਹਾਸਕ ਜਿੱਤ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿਲੋਂ ਵਧਾਈਆਂ!"
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ, ‘‘ਇਹ ਇਤਿਹਾਸਕ ਜਿੱਤ 'ਨਾਰੀ ਸ਼ਕਤੀ' ਦੇ ਅਡੋਲ ਹੌਂਸਲੇ ਅਤੇ ਦ੍ਰਿੜ੍ਹਤਾ ਦੀ ਪ੍ਰਤੀਕ ਹੈ, ਜੋ ਇਹ ਸੰਦੇਸ਼ ਦਿੰਦੀ ਹੈ ਕਿ ਜਦੋਂ ਔਰਤਾਂ ਅੱਗੇ ਵਧਦੀਆਂ ਹਨ, ਤਾਂ ਦੇਸ਼ ਨਵੀਆਂ ਉਚਾਈਆਂ 'ਤੇ ਪਹੁੰਚਦਾ ਹੈ। ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।’’
ਸੈਣੀ ਨੇ ਬੇਮਿਸਾਲ ਪ੍ਰਦਰਸ਼ਨ ਲਈ ਸ਼ੈਫਾਲੀ ਵਰਮਾ ਨੂੰ ਵੀ ਵਧਾਈ ਦਿੱਤੀ।
ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੇ ਵੀ ਟੀਮ ਨੂੰ ਵਧਾਈ ਦਿੱਤੀ। ਵੜਿੰਗ ਨੇ 'ਐਕਸ' 'ਤੇ ਕਿਹਾ, ‘‘ਇਤਿਹਾਸਕ ਸਮਾਂ ਹੈ! ਪਹਿਲਾ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਖਿਤਾਬ ਜਿੱਤਣ ਲਈ ਟੀਮਇੰਡੀਆ ਨੂੰ ਵਧਾਈ! ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ 52 ਦੌੜਾਂ ਨਾਲ ਸ਼ਾਨਦਾਰ ਜਿੱਤ!’’
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਜਿੱਤ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ, "ਹਰ ਭਾਰਤੀ ਲਈ ਮਾਣ ਦਾ ਪਲ ਹੈ ਕਿ ਸਾਡੇ ਚੈਂਪੀਅਨ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੀ ਟਰਾਫੀ ਘਰ ਲੈ ਕੇ ਆਏ ਹਨ! ਸਾਡੇ ਚੈਂਪੀਅਨਾਂ ਨੂੰ ਸਲਾਮ!"
ਖਿਡਾਰੀਆਂ ਦੇ ਘਰਾਂ ਅਤੇ ਸ਼ਹਿਰਾਂ ਵਿੱਚ ਜਸ਼ਨ ਦਾ ਮਾਹੌਲ
ਮੋਹਾਲੀ ਵਿੱਚ ਅਮਨਜੋਤ ਕੌਰ ਦਾ ਪਰਿਵਾਰ ਟੀਮ ਦੀ ਜਿੱਤ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਭੰਗੜੇ ਪਾ ਕੇ ਇਸ ਪ੍ਰਾਪਤੀ ਦਾ ਜਸ਼ਨ ਮਨਾ ਰਿਹਾ ਸੀ। ਉਸਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਿੱਤ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਫੋਨ ਕੀਤਾ ਅਤੇ ਉਹ ਬਹੁਤ ਖੁਸ਼ ਸੀ।
ਕਪਤਾਨ ਹਰਮਨਪ੍ਰੀਤ ਕੌਰ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਵਿੱਚ ਵੀ ਖੁਸ਼ੀ ਦਾ ਮਾਹੌਲ ਸੀ। ਇੱਕ ਪਿੰਡ ਵਾਸੀ ਨੇ ਕਿਹਾ, "ਇਹ ਇੱਕ ਸ਼ਾਨਦਾਰ ਮੈਚ ਸੀ। ਅਸੀਂ ਜਿੱਤ ਤੋਂ ਬਹੁਤ ਖੁਸ਼ ਹਾਂ। ਅਸੀਂ ਮਠਿਆਈਆਂ ਵੰਡੀਆਂ।"
ਹਰਿਆਣਾ ਦੇ ਰੋਹਤਕ ਵਿੱਚ ਵਰਮਾ ਦੇ ਪਰਿਵਾਰ ਨੇ ਕਿਹਾ ਕਿ ਭਾਰਤੀ ਟੀਮ ਦੀ ਜਿੱਤ 'ਤੇ ਪੂਰਾ ਦੇਸ਼ ਖੁਸ਼ ਹੈ। ਉਸਦੇ ਪਿਤਾ ਸੰਜੀਵ ਵਰਮਾ ਨੇ ਕਿਹਾ, ‘‘ਟੀਮ ਜਿੱਤ ਗਈ ਹੈ ਅਤੇ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ।’’
