ਪੀ ਐੱਮ ਸਵੈਨਿਧੀ ਯੋਜਨਾ ਤਹਿਤ ਲੋਕ ਕਲਿਆਣ ਮੇਲਾ
ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਰੇਹੜੀ ਵਾਲੇ ਵਿਕਰੇਤਾਵਾਂ ਅਤੇ ਛੋਟੇ ਕਾਰੋਬਾਰ ਵਾਲਿਆਂ ਲਈ ਇੱਥੇ ਨਗਰ ਪਰਿਸ਼ਦ ਮੀਟਿੰਗ ਹਾਲ ਵਿੱਚ ਡੀ.ਐੱਮ.ਸੀ. ਸੁਰਿੰਦਰ ਸਿੰਘ ਦੁਹਨ ਦੀ ਪ੍ਰਧਾਨਗੀ ਹੇਠ ਲੋਕ ਕਲਿਆਣ ਮੇਲਾ ਲਗਾਇਆ ਗਿਆ, ਜਿਸ ਵਿੱਚ ਨਗਰ ਪਰਿਸ਼ਦ ਜੀਂਦ ਦੀ ਚੇਅਰਪਰਸਨ ਦੇ ਨੁਮਾਇੰਦੇ ਡਾ. ਰਾਜ ਸੈਣੀ ਵਿਸ਼ੇਸ਼ ਤੌਰ ’ਤੇ ਪੁੱਜੇ।
ਇਸ ਮੇਲੇ ਵਿੱਚ ਸ਼ਹਿਰੀ ਰੇਹੜੀ-ਫੜ੍ਹੀ ਵਾਲੇ ਅਤੇ ਛੋਟਾ ਕਾਰੋਬਾਰ ਕਰਨ ਵਾਲੇ ਵੱਡੀ ਗਿਣਤੀ ’ਚ ਸ਼ਾਮਲ ਹੋਏ। ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡੀ.ਐੱਮ.ਸੀ. ਸੁਰਿੰਦਰ ਸਿੰਘ ਦੁਹਨ ਨੇ ਦੱਸਿਆ ਕਿ ਐੱਫ.ਐੱਸ.ਐੱਸ.ਏ.ਆਈ. ਦੇ ਤਹਿਤ ਗੂਗਲ ਪੋਰਟਲ ਉੱਤੇ ਅਤੇ ਫੋਸਕੋਸ ਸਾਈਟ ਦੇ ਜ਼ਰੀਏ ਮੋਬਾਇਲ ਤੋਂ ਮੁਫ਼ਤ ਪੰਜੀਕਰਨ ਕਰਵਾਇਆ ਜਾ ਸਕਦਾ ਹੈ। ਸਾਰੇ ਰੇਹੜੀ ਵਾਲੇ, ਫਲ-ਸਬਜ਼ੀਆਂ ਦੇ ਵਿਕਰੇਤਾ ਅਤੇ ਛੋਟਾ ਕਾਰੋਬਾਰ ਕਰਨ ਵਾਲੇ ਹੋਰ ਲੋਕ ਨਗਰ ਪਰਿਸ਼ਦ/ਨਗਰ ਨਿਗਮ ਤੋਂ ਪੀ.ਐੱਮ. ਸਵੈਨਿਧੀ ਯੋਜਨਾ ਤਹਿਤ 15 ਹਜ਼ਾਰ, 25 ਹਜ਼ਾਰ ਅਤੇ 50 ਹਜ਼ਾਰ ਦਾ ਮੁਫ਼ਤ ਸੁਰੱਖਿਆ ਲੋਨ ਲਈ ਬੇਨਤੀ ਕਰ ਕੇ ਸੱਤ ਫ਼ੀਸਦੀ ਵਿਆਜ਼ ਸਬਸਿਡੀ ਦਾ ਲਾਭ ਲੈ ਸਕਦੇ ਹਨ। ਪੰਜੀਕਰਨ ਮਗਰੋਂ ਰੇਹੜੀ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ, ਜੀਵਨ ਜੋਤੀ ਬੀਮਾ ਯੋਜਨਾ, ਜਨਧਨ ਯੋਜਨਾ, ਜਗਨੀ ਸੁਰੱਖਿਆ ਯੋਜਨਾ ਵਰਗੀਆਂ ਅੱਠ ਯੋਜਨਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੇ ਜੀਂਦ, ਨਰਵਾਣਾ, ਸਫੀਦੋਂ, ਉਚਾਨਾ ਅਤੇ ਜੁਲਾਨਾ ਨਗਰ ਪਰਿਸ਼ਦ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਪਹੁੰਚਾਉਣ ਦੇ ਆਦੇਸ਼ ਜਾਰੀ ਕੀਤੇ।