ਕਾਲਜ ਦੇ ਸਮਾਗਮ ’ਚ ਰੂਸੀ ਨਿ੍ਰਤ ਦਾ ਵਿਰੋਧ
ਸ਼ਹਿਰ ਦੇ ਕੁਝ ਲੋਕਾਂ ਨੇ ਬੱਲਭਗੜ੍ਹ ਦੇ ਅਗਰਵਾਲ ਕਾਲਜ ਵਿੱਚ ਰੂਸੀ ਨਾਚ ਖਿਲਾਫ ਐੱਸ ਡੀ ਐੱਮ ਦੇ ਦਫ਼ਤਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਐੱਸ ਡੀ ਐੱਮ ਦੀ ਗ਼ੈਰ-ਹਾਜ਼ਰੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਡੀ ਐੱਸ ਪੀ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਮੰਗ ਪੱਤਰ ਸੌਂਪਿਆ। ਸੰਦੀਪ ਬਹਾਦਰਪੁਰ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਲਜ ਪ੍ਰਬੰਧਨ ਨੇ ਸਮਾਗਮ ਵਿੱਚ ਰੂਸੀ ਨਾਚ ਦਾ ਪ੍ਰਬੰਧ ਕਰ ਕੇ ਅਸ਼ਲੀਲਤਾ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਮੌਜੂਦ ਵਿਦਿਆਰਥੀਆਂ ਦੇ ਮਾਪੇ ਭਰਾ ਅਤੇ ਰਿਸ਼ਤੇਦਾਰ ਕਾਲਜ ਪ੍ਰਬੰਧਨ ਲਈ ਇਸ ਦੇ ਬਣੇ ਅਕਸ ਬਾਰੇ ਚਿੰਤਤ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪ੍ਰਬੰਧਨ ਨੂੰ ਇਸ ਨਿੰਦਣਯੋਗ ਕਾਰਵਾਈ ਲਈ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸੀਨੀਅਰ ਪੁਲੀਸ ਅਧਿਕਾਰੀ ਅਤੇ ਭਾਈਚਾਰੇ ਦੇ ਮੈਂਬਰਾਂ ਵਾਲੀ ਕਮੇਟੀ ਨੂੰ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਲਜ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਨੂੰ ਹਟਾ ਦਿੱਤਾ ਜਾਵੇ ਅਤੇ ਕਾਲਜ ਪ੍ਰਬੰਧਨ ਨੂੰ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਦੁਹਰਾਉਣ ਵਿਰੁੱਧ ਚਿਤਾਵਨੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਲਜ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਆਏ ਹਨ ਪਰ ਇਨ੍ਹਾਂ ਵਿੱਚ ਅਸ਼ਲੀਲਤਾ ਭਾਰੂ ਨਹੀਂ ਹੁੰਦੀ। ਇਸੇ ਕਰ ਕੇ ਰੂਸੀ ਨਾਚ ਵਿਚਲੀ ਅਸ਼ਲੀਲਤਾ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਐੱਸ ਡੀ ਐੱਮ ਮਯੰਕ ਭਾਰਦਵਾਜ ਨੇ ਦੱਸਿਆ ਕਿ ਕੁਝ ਲੋਕਾਂ ਨੇ ਅਗਰਵਾਲ ਕਾਲਜ ਵਿੱਚ ਰੂਸੀ ਨਾਚ ਪ੍ਰਦਰਸ਼ਨ ਦੇ ਸਬੰਧ ਵਿੱਚ ਉਨ੍ਹਾਂ ਦੇ ਦਫ਼ਤਰ ਦੇ ਡਿਪਟੀ ਸੁਪਰਡੈਂਟ ਰਾਜੇਸ਼ ਜਿੰਦਲ ਨੂੰ ਇੱਕ ਮੰਗ ਪੱਤਰ ਸੌਂਪਿਆ। ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਭੇਜਣਗੇ ਤੇ ਉਨ੍ਹਾਂ ਦੇ ਫੈਸਲੇ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।