ਅਨਾਜ ਮੰਡੀ ਵਿੱਚ ਸ਼ੈੱਡ ਤੇ ਕੰਡੇ ’ਤੇ ਕਬਜ਼ਿਆਂ ਖ਼ਿਲਾਫ਼ ਰੋਸ
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸੂਰਜ ਲੋਹਾਨ ਰਾਜਪੁਰਾ ਭੈਣ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਭਾਕਿਯੂ ਨੇ ਡੀ ਏ ਪੀ ਖਾਦ ਨੂੰ ਲੈ ਕੇ ਮੰਗ ਉਠਾਉਂਦੇ ਹੋਏ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਇਸ ਲਈ ਕਿਸਾਨਾਂ ਨੂੰ ਸਮੇਂ-ਸਿਰ ਡੀ ਏ ਪੀ ਖਾਦ ਮੁਹੱਈਆ ਕਰਵਾਈ ਜਾਵੇ ਤਾਂ ਕਿ ਕਿਸਾਨ ਕਣਕ ਦੀ ਬਿਜਾਈ ਕਰ ਸਕਣ। ਭਾਕਿਯੂ ਦੇ ਪ੍ਰੈੱਸ ਬੁਲਾਰੇ ਰਾਮਰਾਜੀ ਢੁੱਲ ਨੇ ਕਿਹਾ ਕਿ ਨਵੀਂ ਅਨਾਜ ਮੰਡੀ ਜੀਂਦ ਵਿੱਚ ਜਿੱਥੇ ਐਗਰੀਕਲਚਰ ਮਾਰਕੀਟਿੰਗ ਬੋਰਡ ਵੱਲੋਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਤੇ ਫ਼ਸਲ ਮੀਂਹ ਤੋਂ ਬਚਾਉਣ ਲਈ ਕਵਰ ਸ਼ੈੱਡ ਤਿਆਰ ਕੀਤੇ ਗਏ ਹਨ, ਉਨ੍ਹਾਂ ਉੱਤੇ ਕੁਝ ਆੜ੍ਹਤੀਆਂ ਨੇ ਆਪੋ-ਆਪਣੀਆਂ ਦੁਕਾਨਾਂ ਦੇ ਅੱਗੇ ਦੂਰ ਤੱਕ ਕਬਜ਼ੇ ਕਰ ਲਏ ਹਨ, ਜਿਸ ਕਾਰਨ ਉਨ੍ਹਾਂ ਦੀ ਫਸਲ ਨੂੰ ਮੰਡੀ ਵਿੱਚ ਉਤਾਰਨ ਲਈ ਥਾਂ ਨਹੀਂ ਮਿਲ ਰਹੀ ਹੈ। ਭਾਕਿਯੂ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀ-ਭਗਤ ਨਾਲ ਹੋ ਰਿਹਾ ਹੈ। ਅਨਾਜ ਮੰਡੀ ਦੇ ਗੇਟ ਨੰਬਰ 3 ਵਿੱਚ ਮਾਰਕੀਟ ਕਮੇਟੀ ਦੇ ਕੰਡੇ ਉੱਤੇ ਵੀ ਬੋਰੀਆਂ ਪਈਆਂ ਹਨ ਅਤੇ ਆਪਣੇ ਸਾਧਨ ਖੜ੍ਹੇ ਕਰ ਕੇ ਕੁਝ ਆੜ੍ਹਤੀਆਂ ਨੇ ਧਰਮਕੰਡੇ ਉੱਤੇ ਵੀ ਆਪਣੇ ਕਬਜ਼ੇ ਕਰ ਲਏ ਹਨ। ਭਾਕਿਯੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਵੇਂ ਥਾਵਾਂ ਤੋਂ ਕਬਜ਼ੇ ਨਹੀਂ ਹਟਵਾਏ ਤਾਂ ਯੂਨੀਅਨ ਧਰਨਾ ਦੇਵੇਗੀ। ਇਸ ਮੌਕੇ ਬਿੰਦਰ ਨੰਬਰਦਾਰ, ਜੈਵੀਰ ਰਾਜਪੁਰਾ ਭੈਣ, ਸੁਰੇਸ਼ ਬਹਿਬਲਪੁਰ, ਮਹਾਂਵੀਰ ਵੈਰਾਗੀ ਗੁਲਕਨੀ, ਪ੍ਰਕਾਸ਼ ਰਾਜਪੁਰਾਭੈਣ, ਭਗਤੂ ਰਾਮ ਬੀਬੀਪੁਰ ਅਤੇ ਧਰਮਪਾਲ ਘਿਮਾਨਾ ਆਦਿ ਹਾਜ਼ਰ ਸਨ।
