ਬੈਂਕ ਵੱਲੋਂ ਮਹਿਲਾ ਕਿਸਾਨ ਦੇ ਘਰ ਨੂੰ ਤਾਲ਼ਾ ਲਾਉਣ ’ਤੇ ਧਰਨਾ
ਇੱਥੇ ਬੈਂਕ ਅਧਿਕਾਰੀਆਂ ਵੱਲੋਂ ਇੱਕ ਮਹਿਲਾ ਕਿਸਾਨ ਦੇ ਘਰ ਨੂੰ ਤਾਲ਼ਾ ਲਾ ਦਿੱਤਾ ਗਿਆ। ਜ਼ਬਰਦਸਤੀ ਤਾਲ਼ਾ ਲਾਉਣ ’ਤੇ ਭਾਰਤੀ ਕਿਸਾਨ ਯੂਨੀਅਨ ਨੇ ਤਹਿਸੀਲ ਦਫ਼ਤਰ ਬਾਹਰ ਧਰਨਾ ਦਿੱਤਾ। ਜਿਲ੍ਹਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਲਾਲ ਮਾਜਰਾ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਬਾਬੈਨ ਦੇ ਡਿਪਟੀ ਤਹਿਸੀਲਦਾਰ ਸ਼ਰਵਣ ਕੁਮਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮਹਿਲਾ ਕਿਸਾਨ ਦੇ ਘਰ ਨੂੰ ਤਾਲ਼ਾ ਨਾ ਲਗਾਉਣ ਦੀ ਬੇਨਤੀ ਕਰਦੇ ਹੋਏ ਡਿਪਟੀ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਬਹਿਲੋਲ ਪੁਰ ਦੀ ਮਹਿਲਾ ਕਿਸਾਨ ਪ੍ਰਵੀਨਾ ਕੁਮਾਰੀ ਨੇ ਘਰ ਬਣਾਉਣ ਲਈ ‘ਆਈਸੀਆਈਸੀਆਈ’ ਬੈਂਕ ਤੋਂ ਲਗਭਗ 21 ਲੱਖ ਰੁਪਏ ਦਾ ਕਰਜ਼ ਲਿਆ ਸੀ। ਉਨਾਂ ਕਿਹਾ ਕਿ ਪ੍ਰਵੀਨਾ ਕੁਮਾਰੀ ਲਗਾਤਾਰ ਕਰਜ਼ ਦੀਆਂ ਕਿਸ਼ਤਾਂ ਭਰ ਰਹੀ ਹੈ। ਉਹ ਹੁਣ ਤੱਕ 12 ਲੱਖ ਰੁਪਏ ਭਰ ਚੁੱਕੀ ਹੈ। ਪਰ ਆਰਥਿਕ ਤੰਗੀ ਕਾਰਨ ਪ੍ਰਵੀਨਾ ਕੁਝ ਸਮੇਂ ਤੋਂ ਕਰਜ਼ ਦੀ ਕੋਈ ਵੀ ਕਿਸ਼ਤ ਨਹੀਂ ਦੇ ਸਕੀ। ਪਰ ਹੁਣ ਉਹ ਬੈਂਕ ਦੀ ਕਿਸ਼ਤ ਦੇਣ ਨੂੰ ਤਿਆਰ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬੈਂਕ ਬਕਾਇਆ ਕਿਸ਼ਤ ਲੈਣ ਤੋਂ ਇਨਕਾਰ ਕਰਕੇ ਪ੍ਰਵੀਨਾ ਦੇ ਘਰ ਨੂੰ ਜ਼ਬਰਦਸਤੀ ਤਾਲ਼ਾ ਲਗਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਬੈਂਕ ਅਧਿਕਾਰੀਆਂ ਦੇ ਇਨ੍ਹਾਂ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ।