ਉਪ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਸ਼ੁਰੂ
ਚੋਣ ਕਮਿਸ਼ਨ ਨੇ 9 ਸਤੰਬਰ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਨਾਮਜ਼ਦਗੀਆਂ ਭਰਨ ਦਾ ਅਮਲ ਸ਼ੁਰੂ ਹੋ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀਆਂ 21 ਅਗਸਤ ਤੱਕ ਭਰੀਆਂ ਜਾ ਸਕਦੀਆਂ ਹਨ ਅਤੇ 22 ਅਗਸਤ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। ਨਾਮ ਵਾਪਸ ਲੈਣ ਦੀ ਆਖਰੀ ਤਰੀਕ 25 ਅਗਸਤ ਹੋਵੇਗੀ। ਉਪ ਰਾਸ਼ਟਰਪਤੀ ਦਾ ਅਹੁਦਾ ਉਦੋਂ ਖਾਲੀ ਹੋਇਆ ਸੀ, ਜਦੋਂ ਜਗਦੀਪ ਧਨਖੜ ਨੇ 21 ਜੁਲਾਈ ਨੂੰ ਅਚਾਨਕ ਹੀ ਅਸਤੀਫ਼ਾ ਦੇ ਦਿੱਤਾ ਸੀ। ਉਂਝ ਉਨ੍ਹਾਂ ਦਾ ਕਾਰਜਕਾਲ ਅਗਸਤ 2027 ’ਚ ਖ਼ਤਮ ਹੋਣਾ ਸੀ। ਉਪ ਰਾਸ਼ਟਰਪਤੀ ਦੀ ਚੋਣ ’ਚ ਹੁਕਮਰਾਨ ਧਿਰ ਐੱਨਡੀਏ ਦਾ ਹੱਥ ਉਪਰ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਵੱਲੋਂ ਉਪ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ। ਲੋਕ ਸਭਾ ਦੇ 543 ਮੈਂਬਰ ਹਨ ਜਿਸ ’ਚੋਂ ਇਕ ਸੀਟ ਖਾਲੀ ਹੈ ਜਦਕਿ ਰਾਜ ਸਭਾ ਦੇ 245 ਮੈਂਬਰਾਂ ’ਚੋਂ ਪੰਜ ਸੀਟਾਂ ਖਾਲੀ ਹਨ। ਰਾਜ ਸਭਾ ਦੀਆਂ ਪੰਜ ਸੀਟਾਂ ’ਚੋਂ ਜੰਮੂ ਕਸ਼ਮੀਰ ਤੋਂ ਚਾਰ ਅਤੇ ਪੰਜਾਬ ਤੋਂ ਇਕ ਸੀਟ ਖਾਲੀ ਹੈ। ਪੰਜਾਬ ’ਚ ‘ਆਪ’ ਆਗੂ ਸੰਜੀਵ ਅਰੋੜਾ ਦੇ ਵਿਧਾਇਕ ਬਣਨ ਮਗਰੋਂ ਉਨ੍ਹਾਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੋਵੇਂ ਸਦਨਾਂ ਦੇ ਕੁੱਲ ਮਿਲਾ ਕੇ 786 ਮੈਂਬਰ ਹਨ ਅਤੇ ਜੇ ਸਾਰੇ ਮੈਂਬਰ ਵੋਟ ਪਾਉਂਦੇ ਹਨ ਤਾਂ ਜੇਤੂ ਉਮੀਦਵਾਰ ਨੂੰ 394 ਵੋਟਾਂ ਦੀ ਲੋੜ ਹੋਵੇਗੀ। ਲੋਕ ਸਭਾ ’ਚ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੂੰ 542 ’ਚੋਂ 293 ਮੈਂਬਰਾਂ ਦੀ ਹਮਾਇਤ ਹਾਸਲ ਹੈ। ਇਸੇ ਤਰ੍ਹਾਂ ਰਾਜ ਸਭਾ ’ਚ ਹੁਕਮਰਾਨ ਗੱਠਜੋੜ ਕੋਲ 240 ’ਚੋਂ 129 ਮੈਂਬਰਾਂ ਦਾ ਸਮਰਥਨ ਹੈ।
ਐੱਨਡੀਏ ਨੇ ਮੋਦੀ ਅਤੇ ਨੱਢਾ ਨੂੰ ਉਮੀਦਵਾਰ ਚੁਣਨ ਦੇ ਅਧਿਕਾਰ ਦਿੱਤੇ
ਨਵੀਂ ਦਿੱਲੀ: ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦਵਾਰ ਚੁਣਨ ਦੇ ਅਧਿਕਾਰ ਦਿੱਤੇ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲ ਪਾਰਟੀਆਂ ਦੇ ਆਗੂਆਂ ਦੀ ਅਹਿਮ ਮੀਟਿੰਗ ਸੰਸਦੀ ਕੰਪਲੈਕਸ ’ਚ ਹੋਈ ਜਿਥੇ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ’ਚ ਰਾਜਨਾਥ ਸਿੰਘ, ਅਮਿਤ ਸ਼ਾਹ, ਜੇਪੀ ਨੱਢਾ, ਲੱਲਨ ਸਿੰਘ (ਜੇਡੀਯੂ), ਸ੍ਰੀਕਾਂਤ ਸ਼ਿੰਦੇ (ਸ਼ਿਵ ਸੈਨਾ), ਲਵੂ ਸ੍ਰੀ ਕ੍ਰਿਸ਼ਨਾ ਦੇਵਰਾਯਲੂ (ਟੀਡੀਪੀ), ਚਿਰਾਗ ਪਾਸਵਾਨ (ਐੱਲਜੇਪੀ ਰਾਮ ਵਿਲਾਸ) ਅਤੇ ਹੋਰ ਆਗੂ ਹਾਜ਼ਰ ਸਨ। -ਪੀਟੀਆਈ