ਨਾਲੇ ਦੀ ਉਸਾਰੀ ਕਾਰਨ ਮੁਸ਼ਕਲਾਂ ਵਧੀਆਂ
ਰਤੀਆ ਸ਼ਹਿਰ ਵਿੱਚ ਚਾਰ ਮਾਰਗੀ ਸੜਕ ਦੇ ਨਿਰਮਾਣ ਤੋਂ ਬਾਅਦ, ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲੇ ਦੀ ਉਸਾਰੀ ਦੌਰਾਨ ਠੇਕੇਦਾਰ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਸ਼ਹਿਰ ਦੇ ਪੈਦਲ ਯਾਤਰੀਆਂ ਅਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲੇ ਦੀ ਉਸਾਰੀ ਦੌਰਾਨ ਬਾਜ਼ਾਰਾਂ ਦੀਆਂ ਪੁਲੀਆਂ ਟੁੱਟ ਗਈਆਂ ਹਨ ਅਤੇ ਬਾਜ਼ਾਰਾਂ ਦਾ ਮੁੱਖ ਸੜਕ ਨਾਲੋਂ ਸੰਪਰਕ ਟੁੱਟ ਗਿਆ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਪਾਈਪਾਂ ਵੀ ਟੁੱਟ ਗਈਆਂ ਹਨ। ਸੀਵਰੇਜ਼ ਦੀਆਂ ਪਾਈਪਾਂ ਵੀ ਟੁੱਟ ਗਈਆਂ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕੋਈ ਨਿਯਮ ਅਤੇ ਕਾਨੂੰਨ ਨਹੀਂ ਹਨ। ਸਿਟੀ ਵੈਲਫੇਅਰ ਕਲੱਬ ਰਤੀਆ ਦੇ ਪ੍ਰਧਾਨ ਅਸ਼ੋਕ ਚੋਪੜਾ ਐਡਵੋਕੇਟ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਨਿਯਮਾਂ ਅਤੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ ਅਤੇ ਲਿੰਕ ਸੜਕਾਂ ’ਤੇ ਪੁਲੀਆਂ ਬਣਾਈਆਂ ਜਾਣ। ਜਿਹੜੇ ਕੁਨੈਕਸ਼ਨ ਟੁੱਟ ਗਏ ਹਨ ਉਨ੍ਹਾਂ ਨੂੰ ਵਿਭਾਗ ਜਾਂ ਠੇਕੇਦਾਰ ਆਪਣੇ ਖਰਚੇ ’ਤੇ ਬਹਾਲ ਕਰਨ। ਪੀਣ ਵਾਲੇ ਪਾਣੀ ਦੀ ਸਪਲਾਈ ਪਿਛਲੇ ਪੰਜ ਦਿਨਾਂ ਤੋਂ ਬੰਦ ਹੈ। ਐਡਵੋਕੇਟ ਚੋਪੜਾ ਨੇ ਵਿਭਾਗ ਤੋਂ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।