ਚਾਰ ਰੋਜ਼ਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ
ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਨੌਜਵਾਨ ਸੇਵਕ ਸਭਾ ਤੇ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਅਤੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਵਿੱਚ ਪੰਜ ਅਕਤੂਬਰ ਤੋਂ ਅੱਠ ਅਕਤੂਬਰ ਤਕ ਗੁਰਮਤਿ ਸਮਾਗਮ ਕਰਵਾਏ ਜਾਣਗੇ।
ਇਨ੍ਹਾਂ ਸਮਾਗਮਾਂ ਵਿਚ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਕੀਰਤਨੀਏ, ਇਲਾਹੀ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਜਿਨ੍ਹਾਂ ’ਚ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਭਾਈ ਗੁਰਵਿੰਦਰ ਸ਼ਾਹ ਸਿੰਘ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਭਾਈ ਅਮਨਦੀਪ ਸਿੰਘ ਮਾਤਾ ਕੌਲਾਂ ਜੀ ਭਲਾਈ ਕੇਂਦਰ ਅਤੇ ਹੋਰ ਕਈ ਰਾਗੀ ਜਥੇ, ਕਥਾ ਵਾਚਕ ਸੰਗਤ ਨੂੰ ਗੁਰਬਾਣੀ ਅਤੇ ਕਥਾ ਵਿਚਾਰਾਂ ਨਾਲ ਜੋੜਨਗੇ। ਇਸ ਮੌਕੇ ਸਟੇਜ ਦੀ ਸੇਵਾ ਕੁਲੰਵਤ ਸਿੰਘ ਰਫੀਕ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਤੋਂ ਇਲਾਵਾ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੀ ਪੰਜ ਰੋਜ਼ਾ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਦਿੱਲੀ ਦਰਵਾਜਾ ਕਿਲ੍ਹਾ ਸਿੱਖਾਂ, ਦੂਜੀ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਰਾੜਾ ਰੋਡ, ਤੀਜੀ ਪ੍ਰਭਾਤ ਫੇਰੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਚੌਥੀ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਜਰੀ ਮੁੱਹਲਾ ਤੇ ਪੰਜਵੀ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਚ ਦੀਵਾਨ ਉਪਰੰਤ ਸਮਾਪਤੀ ਹੋਵੇਗੀ।