ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ
ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ 24 ਅਗਸਤ ਨੂੰ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਨੌਜਵਾਨ ਸੇਵਕ ਸਭਾ ਦੇ ਬੁਲਾਰੇ ਭਗਵੰਤ ਸਿੰਘ ਖਾਲਸਾ ਨੇ ਦੱਸਿਆ ਕਿ ਸਮਾਗਮ ਵਿੰਚ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ, ਭਾਈ ਮੰਗਪ੍ਰੀਤ ਸਿੰਘ ਕਥਾਵਾਚਕ, ਭਾਈ ਸੁਖਵੰਤਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ , ਇਸਤਰੀ ਸਤਸੰਗਿ ਸਭਾ ਦੀਆਂ ਬੀਬੀਆਂ ਤੇ ਨੌਜਵਾਨ ਸੇਵਕ ਸਭਾ ਦਾ ਸ਼ਬਦੀ ਜਥਾ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਤੇ ਰਸ ਭਿੰਨੇ ਕੀਰਤਨ ਨਾਲ ਜੋੜਨਗੇ। ਇਸ ਤੋਂ ਇਲਾਵਾ 31 ਅਗਸਤ ਨੂੰ ਗੁਰੂ ਮਾਨਿਓ ਗ੍ਰੰਥ ਚੇਤਨਾ ਫੇਰੀ ਕੱਢੀ ਜਾਏਗੀ। ਜੋ ਸਵੇਰੇ 5 ਵਜੇ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਵੇਗੀ। ਇਹ ਚੇਤਨਾ ਫੇਰੀ ਦਾ ਮੁੱਖ ਉਦੇਸ਼ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਾ ਤੇ ਗੁਰਬਾਣੀ ਦੇ ਸਿਧਾਂਤ ਤੇ ਚਲਣ ਲਈ ਪ੍ਰੇਰਿਤ ਕਰਨਾ ਹੈ। ਚੇਤਨਾ ਫੇਰੀ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਤੇ ਗਲੀਆਂ ਵਿਚ ਸ਼ਬਦ ਬਾਣੀ ਦਾ ਉਚਰਾਣ ਕਰਦੇ ਹੋਏ ਵਾਪਸ ਗੁਰਦੁਆਰਾ ਆ ਕੇ ਸਮਾਪਤ ਹੋਵੇਗੀ। ਚੇਤਨਾ ਫੇਰੀ ਦੇ ਸਵਾਗਤ ਲਈ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੁੰਦਰ ਤੇ ਸੋਹਣੇ ਗੇਟ ਬਣਾਏ ਜਾਣਗੇ ਤੇ ਸੰਗਤਾਂ ਲਈ ਚਾਹ, ਬਰੈੱਡ ਤੇ ਫਲਾਂ ਆਦਿ ਦੇ ਲੰਗਰ ਲਾਏ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਜਾਏਗੀ।