ASI Suicide Case: ਜੀਂਦ ਦੇ ਪਿੰਡ ਜੁਲਾਨਾ ’ਚ ਹੋਇਆ ਸੰਦੀਪ ਕੁਮਾਰ ਦਾ ਸਸਕਾਰ
ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ ਖੁਦਕੁਸ਼ੀ ਕਰਨ ਵਾਲੇ ਏਐੱਸਆਈ ਸੰਦੀਪ ਕੁਮਾਰ ਦਾ ਅੱਜ ਜੀਂਦ ’ਚ ਉਸ ਦੇ ਜੱਦੀ ਪਿੰਡ ਜੁਲਾਣਾ ਵਿੱਚ ਸਸਕਾਰ ਕਰ ਦਿੱਤਾ ਹੈ। ਸੰਦੀਪ ਕੁਮਾਰ ਦੇ ਵੱਡੇ ਪੁੱਤ ਵੱਲੋਂ ਚਿਤਾ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਹਰਿਆਣਾ ਸਰਕਾਰ ਦੇ 4 ਕੈਬਨਿਟ ਮੰਤਰੀ, ਹਰਿਆਣਾ ਦੇ ਡੀ ਜੀ ਪੀ ਓਮ ਪ੍ਰਕਾਸ਼ ਸਿੰਘ ਸਣੇ ਵੱਡੀ ਗਿਣਤੀ ਵਿੱਚ ਸਿਆਸੀ, ਸਮਾਜਿਕ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਇਸ ਤੋਂ ਪਹਿਲਾਂ ਡਾਕਟਰਾਂ ਦੇ ਇੱਕ ਪੈਨਲ ਨੇ ਵੀਰਵਾਰ ਨੂੰ ਪੀਜੀਆਈਐਮਐਸ ਰੋਹਤਕ ਵਿਖੇ ਹਰਿਆਣਾ ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਸੰਦੀਪ ਕੁਮਾਰ ਲਾਠਰ ਦਾ ਪੋਸਟਮਾਰਟਮ ਕੀਤਾ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਸੰਦੀਪ ਦੇ ਜੱਦੀ ਕਸਬੇ ਜੁਲਾਣਾ ਲਿਜਾਇਆ ਗਿਆ। ਇਸ ਮੌਕੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੌਕੇ ’ਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਸੰਦੀਪ ਦੀ ਦੇਹ ਬੁੱਧਵਾਰ ਦੇਰ ਰਾਤ ਪੋਸਟਮਾਰਟਮ ਹਾਊਸ ਲਿਆਂਦੀ ਗਈ।
ਗ਼ੌਰਤਲਬ ਹੈ ਕਿ ਸੰਦੀਪ ਨੇ ਆਪਣੇ ਖੁਦਕੁਸ਼ੀ ਨੋਟ ਅਤੇ ਵੀਡੀਓ ਵਿੱਚ ਮ੍ਰਿਤਕ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ, ਉਸ ਦੇ ਪਰਿਵਾਰ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਸਨ। ਲਾਠਰ ਦੇ ਪਰਿਵਾਰ ਨੇ ਲਗਪਗ 24 ਘੰਟੇ ਇੱਥੋਂ ਦੇ ਲਧੌਤ ਪਿੰਡ ਵਿੱਚ ਦੇਹ ਰੱਖੀ। ਪਰਿਵਾਰ ਵੱਲੋਂ ਪੁਲੀਸ ਨੂੰ ਦੇਹ ਸੌਂਪਣ ਤੋਂ ਪਹਿਲਾਂ ਖੁਦਕੁਸ਼ੀ ਨੋਟ ਅਤੇ ਵੀਡੀਓ ਵਿੱਚ ਨਾਮਜ਼ਦ ਸਾਰਿਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਿਹਾ ਸੀ।
ਇਸ ਮੌਕੇ ਸੰਦੀਪ ਦੇ ਰਿਸ਼ਤੇਦਾਰ ਸੱਤਿਆਵਾਨ ਨੇ ਕਿਹਾ ਕਿ ਪਰਿਵਾਰ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੁੱਧਵਾਰ ਰਾਤ ਨੂੰ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪਰਿਵਾਰ ਵੱਲੋਂ ਸਰਬਸੰਮਤੀ ਨਾਲ ਦੇਹ ਸੌਂਪਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਅੱਗੇ ਕਿਹਾ, "ਅੰਤਿਮ ਸੰਸਕਾਰ ਸੰਦੀਪ ਦੇ ਜੱਦੀ ਸਥਾਨ ਜੁਲਾਣਾ (ਜਿੰਦ) ਵਿਖੇ ਕੀਤਾ ਜਾਵੇਗਾ।"
ਸੰਦੀਪ ਦੇ ਚਚੇਰੇ ਭਰਾ ਸੰਜੇ ਨੇ ਦੱਸਿਆ ਕਿ ਐਫਆਈਆਰ ਖੁਦਕੁਸ਼ੀ ਨੋਟ ਅਤੇ ਵੀਡੀਓ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ। ‘‘ਸਾਨੂੰ ਪ੍ਰਸ਼ਾਸਨ 'ਤੇ ਪੂਰਾ ਭਰੋਸਾ ਹੈ, ਜਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਖੁਦਕੁਸ਼ੀ ਨੋਟ ਅਤੇ ਵੀਡੀਓ ਦੇ ਅਨੁਸਾਰ ਕੀਤੀ ਜਾਵੇਗੀ। ਅਸੀਂ ਐਫਆਈਆਰ ਦੇਖੀ ਅਤੇ ਪੜ੍ਹੀ ਹੈ, ਪਰ ਸਾਡੇ ਕੋਲ ਇਸਦੀ ਕਾਪੀ ਨਹੀਂ ਹੈ। ਸਾਡੀ ਕੋਈ ਹੋਰ ਮੰਗ ਨਹੀਂ ਹੈ।’’