ਪੁਲੀਸ ਨੇ ਪੱਤਰਕਾਰ ਨੂੰ ਗ਼ਲਤੀ ਨਾਲ ਅਪਰਾਧਿਕ ਮਾਮਲੇ ’ਚ ਸ਼ੱਕੀ ਸਮਝਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
ਦਿੱਲੀ ਪੁਲੀਸ ਨੇ ਨੋਇਡਾ ਦੇ ਇੱਕ ਪੱਤਰਕਾਰ ਨੂੰ ਗ਼ਲਤੀ ਨਾਲ ਇੱਕ ਅਪਰਾਧਿਕ ਮਾਮਲੇ ਦਾ ਸ਼ੱਕੀ ਸਮਝ ਲਿਆ। ਹਾਲਾਂਕਿ, ਬਾਅਦ ਵਿੱਚ ਇਸ ਸਬੰਧੀ ਮੁਆਫ਼ੀ ਮੰਗ ਲਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਬਾਹਰੀ ਦਿੱਲੀ ਦੇ ਪ੍ਰ਼ੇਮ ਨਗਰ ਪੁਲੀਸ ਥਾਣੇ ਸਬ-ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਦੀ ਟੀਮ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318 (4) (ਕੀਮਤੀ ਇਕਵਿਟੀ ਨਾਲ ਜੁੜੀ ਧੋਖਾਧੜੀ) ਅਤੇ 61 (2) (ਅਪਰਾਧਿਕ ਸਾਜ਼ਿਸ਼) ਤਹਿਤ ਦਰਜ ਇੱਕ ਮਾਮਲੇ ਦੀ ਜਾਂਚ ਕਰ ਰਹੀ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਸ਼ਾਹਦਰਾ) ਪ੍ਰਸ਼ਾਂਤ ਗੌਤਮ ਨੇ ਕਿਹਾ, ‘‘ਟੀਮ ਬਹਾਦਰਗੜ੍ਹ ਵਾਸੀ ਰਾਹੁਲ ਵਜੋਂ ਪਛਾਣੇ ਗਏ ਮੁਲਜ਼ਮ ਦੇ ਮੋਬਾਈਲ ਫੋਨ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕਿੱਥੇ ਹੈ।’’ ਉਨ੍ਹਾਂ ਕਿਹਾ ਕਿ ਇਸੇ ਪ੍ਰਕਿਰਿਆ ਦੌਰਾਨ ਟੀਮ ਨੋਇਡਾ ਦੇ ਸੈਕਟਰ 38 ਦੇ ਇੱਕ ਪੈਟਰੋਲ ਪੰਪ ’ਤੇ ਪਹੁੰਚੀ ਜਿੱਥੇ ਉਸ ਨੂੰ ਇੱਕ ਵਿਅਕਤੀ ਆਪਣੀ ਪਤਨੀ ਨਾਲ ਕਾਰ ਵਿੱਚ ਮਿਲਿਆ ਜਿਸਦੀ ਵੇਰਵਾ ਸ਼ੱਕੀ ਨਾਲ ਮੇਲ ਖਾਂਦਾ ਸੀ। ਡੀਸੀਪੀ ਨੇ ਕਿਹਾ, ‘‘ਜਦੋਂ ਟੀਮ ਨੇ ਉਸਨੂੰ ਆਪਣਾ ਪਛਾਣ-ਪੱਤਰ ਦਿਖਾਉਣ ਲਈ ਕਿਹਾ ਤਾਂ ਉਸਨੇ ਕਥਿਤ ਤੌਰ ’ਤੇ ਬਹਿਸਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸ ਵਿਅਕਤੀ ਨੇ ਦੱਸਿਆ ਕਿ ਉਸਦਾ ਨਾਮ ਰਾਹੁਲ ਸ਼ਾਹ ਹੈ ਅਤੇ ਉਹ ਨੋਇਡਾ ਵਿੱਚ ਪੱਤਰਕਾਰ ਹੈ।’’ ਉਨ੍ਹਾਂ ਦੱਸਿਆ ਕਿ ਗ਼ਲਤੀ ਦਾ ਅਹਿਸਾਸ ਹੋਣ ਮਗਰੋਂ ਪੁਲੀਸ ਟੀਮ ਨੇ ਮੁਆਫ਼ੀ ਮੰਗੀ ਅਤੇ ਥਾਣੇ ਪਰਤ ਆਈ।