ਮਨੀਸ਼ਾ ਮਾਮਲੇ ਵਿੱਚ ਪੁਲੀਸ ਨਿਰਪੱਖਤਾ ਨਾਲ ਕਰ ਰਹੀ ਹੈ ਜਾਂਚ: ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਮਨੀਸ਼ਾ ਸਾਡੇ ਪਰਿਵਾਰ ਦੀ ਧੀ ਹੈ, ਇਸ ਧੀ ਨੂੰ ਇਨਸਾਫ ਦਿਵਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਪੁਲੀਸ ਇਸ ਮਾਮਲੇ ਵਿਚ ਨਿਰਪੱਖਤਾ ਨਾਲ ਜਾਂਚ ਕਰ ਰਹੀ ਹੈ ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉਹ ਖੁਦ ਇਸ ਮਾਮਲੇ ਦੀ ਪੁਲੀਸ ਤੋਂ ਮਿੰਟ ਮਿੰਟ ਦੀ ਰਿਪੋਰਟ ਲੈ ਰਹੇ ਹਨ। ਉਹ ਬੀਤੀ ਸ਼ਾਮ ਥਾਨੇਸਰ ਅਨਾਜ ਮੰਡੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਆਗੂ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਕਾਂਗਰਸ ਦੇ ਆਗੂ ਦੇਸ਼ ਨੂੰ 55 ਸਾਲਾਂ ਵਿੱਚ ਉਸ ਰਫਤਾਰ ਨਾਲ ਅੱਗੇ ਨਹੀਂ ਲਿਜਾ ਸਕੇ ਜਿਸ ਰਫਤਾਰ ਨਾਲ ਸਮਾਜ ਤੇ ਦੇਸ਼ ਨੂੰ ਅੱਗੇ ਲਿਜਾਇਆ ਜਾਣਾ ਚਾਹੀਦਾ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਖਾਲੀ ਐਲਾਨ ਕਰਦੀ ਰਹੀ ,ਜਿਸ ਨਾਲ ਉਹ ਲੋਕਾਂ ਤੋਂ ਵੋਟਾਂ ਹਥਿਆ ਲੈਂਦੀ ਸੀ। ਰਾਹੁਲ ਗਾਂਧੀ ਦੇ ਦੌਰੇ ਬਾਰੇ ਉਨ੍ਹਾਂ ਕਿਹਾ ਕਿ ਪਿਛਲੀ ਫੇਰੀ ’ਤੇ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ, ਇਸ ਫੇਰੀ ਦਾ ਨਤੀਜਾ ਵੀ ਦੇਖਾਂਗੇ। ਦੀਪਿੰਦਰ ਹੁੱਡਾ ਦੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਹੋਣ ਦੇ ਦੋਸ਼ ’ਤੇ ਉਨ੍ਹਾਂ ਕਿਹਾ ਕਿ ਜੇ ਚੋਣ ਕਮਿਸ਼ਨ ਉਨ੍ਹਾਂ ਦੇ ਕੰਟਰੋਲ ਹੇਠ ਹੁੰਦਾ ਤਾਂ ਹੁੱਡਾ ਦੀ ਜਿੱਤ ਕਿਵੇਂ ਹੁੰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਖਤਮ ਹੋ ਗਈ ਹੈ ਤੇ ਇਸ ਵਾਰ ਬਿਹਾਰ ਵਿੱਚੋਂ ਵੀ ਬਾਹਰ ਹੋ ਜਾਏਗੀ। ਇਸ ਮੌਕੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਲੋਕ ਨਿਰਮਾਣ ਤੇ ਜਲ ਇੰਜਨੀਅਰਿੰਗ ਮੰਤਰੀ ਰਣਬੀਰ ਗੰਗਵਾ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ਹਾਜ਼ਰ ਸਨ।