ਪੁਲੀਸ ਵੱਲੋਂ ਵਾਰਡ ਨੰਬਰ 14 ਵਿੱਚ ਨਸ਼ਾ ਛੁਡਾਊ ਕੈਂਪ
ਜ਼ਿਲ੍ਹਾ ਪੁਲੀਸ ਵੱਲੋਂ ਡੀਐੱਸਪੀ ਨਰਸਿੰਘ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਾ ਛੁਡਾਊ ਜਾਗਰੂਕਤਾ ਮੁਹਿੰਮ ਤਹਿਤ ਅੱਜ ਵਾਰਡ ਨੰਬਰ 14 ਰਤੀਆ ਵਿੱਚ ਨਸ਼ਾ ਛੁਡਾਊ ਕੈਂਪ ਲਗਾਇਆ ਗਿਆ। ਇਸ ਮੌਕੇ ਥਾਣਾ ਸਦਰ ਰਤੀਆ ਦੇ ਇੰਚਾਰਜ ਇੰਸਪੈਕਟਰ ਬਿਜੇਂਦਰ ਸਿੰਘ, ਥਾਣਾ ਸਿਟੀ ਰਤੀਆ ਦੇ ਇੰਚਾਰਜ ਸਬ-ਇੰਸਪੈਕਟਰ ਰਣਜੀਤ ਸਿੰਘ ਅਤੇ ਨਸ਼ਾ ਛੁਡਾਊ ਟੀਮ ਦੇ ਇੰਚਾਰਜ ਸਬ-ਇੰਸਪੈਕਟਰ ਸੁੰਦਰ ਆਪਣੀ ਟੀਮ ਸਣੇ ਮੌਜੂਦ ਸਨ। ਕੈਂਪ ਦੌਰਾਨ ਪੁਲੀਸ ਅਧਿਕਾਰੀਆਂ ਨੇ ਸਥਾਨਕ ਨਾਗਰਿਕਾਂ, ਨੌਜਵਾਨਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਪੁਲੀਸ ਅਤੇ ਨਸ਼ਾ ਛੁਡਾਊ ਟੀਮ ਨੇ ਇਲਾਕੇ ਵਿੱਚ ਨਸ਼ੇੜੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਜੇ ਉਨ੍ਹਾਂ ਨੂੰ ਕਿਤੇ ਵੀ ਨਸ਼ੇ ਵੇਚਣ ਜਾਂ ਸੇਵਨ ਕਰਨ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕਰਨ। ਕੈਂਪ ਵਿੱਚ ਨੌਜਵਾਨਾਂ ਨੂੰ ਨਸ਼ੇ ਛੱਡਣ ਅਤੇ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਪ੍ਰੇਰਣਾਦਾਇਕ ਭਾਸ਼ਣ ਅਤੇ ਉਦਾਹਰਣਾਂ ਪੇਸ਼ ਕੀਤੀਆਂ ਗਈਆਂ। ਨਸ਼ਾ ਛੁਡਾਊ ਟੀਮ ਨੇ ਕੈਂਪ ਵਿੱਚ ਮੌਜੂਦ ਲੋਕਾਂ ਤੋਂ ਸਹੁੰ ਚੁਕਾਈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਮਾਜ ਵਿੱਚ ਦੂਜਿਆਂ ਨੂੰ ਵੀ ਜਾਗਰੂਕ ਕਰਨਗੇ। ਇਸ ਦੌਰਾਨ ਪੁਲੀਸ ਸੁਪਰਡੈਂਟ ਸਿਧਾਂਤ ਜੈਨ ਨੇ ਸੁਨੇਹਾ ਦਿੱਤਾ ਕਿ ਫਤਿਹਾਬਾਦ ਪੁਲੀਸ ਦਾ ਟੀਚਾ ਸਿਰਫ਼ ਅਪਰਾਧੀਆਂ ’ਤੇ ਸ਼ਿਕੰਜਾ ਕੱਸਣਾ ਹੀ ਨਹੀਂ ਹੈ, ਸਗੋਂ ਸਮਾਜ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣਾ ਵੀ ਹੈ।