ਨਸ਼ੇ ਵਿਰੁੱਧ ਪੁਲੀਸ ਦੀ ਜਾਗਰੂਕਤਾ ਮੁਹਿੰਮ
ਜ਼ਿਲ੍ਹਾ ਪੁਲੀਸ ਕਪਤਾਨ ਨੀਤੀਸ਼ ਅਗਰਵਾਲ ਦੀ ਯੋਗ ਅਗਵਾਈ ਹੇਠ ਪੁਲੀਸ ਟੀਮ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਪੁਲੀਸ ਦੀ ਟੀਮ ਪਿੰਡ ਪਿੰਡ ਨਸ਼ਾ ਵਿਰੁੱਧ ਜਾਗਰੂਕਤਾ ਸੰਦੇਸ਼ ਫੈਲਾ ਰਹੀ ਹੈ। ਇੰਸਪੈਕਟਰ ਰਾਜੇਸ਼ ਕੁਮਾਰ ਦੀ ਟੀਮ ਨੇ ਅੱਜ ਸਰਕਾਰੀ ਸਕੂਲ ਰਤਨ ਡੇਰਾ ਤੇ ਮੋਹਨ ਨਗਰ ਦਾ ਦੌਰਾ ਕੀਤਾ ਤੇ ਬਚਿੱਆਂ ਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਸੁਚੇਤ ਰਹਿਣ ਲਈ ਜਾਗਰੂਕ ਕੀਤਾ। ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇੰਸਪੈਕਟਰ ਰਾਜੇਸ਼ ਕੁਮਾਰ ਨੇ ਸਰਕਾਰੀ ਸਕੂਲ ਰਤਨ ਡੇਰਾ ਅਤੇ ਮੋਹਨ ਨਗਰ ਥਾਨੇਸਰ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਨਸ਼ਾ ਨਾ ਲੈਣ ਬਾਰੇ ਜਾਗਰੂਕ ਕੀਤਾ। ਉਨਾਂ ਕਿਹਾ ਕਿ ਜੇਕਰ ਆਮ ਲੋਕ ਪੁਲੀਸ ਨਾਲ ਤਾਲਮੇਲ ਕਰਨ ਤਾਂ ਨਸ਼ੇ ਵਰਗੀ ਬੁਰਾਈ ਨੂੰ ਠੱਲ ਪੈ ਸਕਦੀ ਹੈ। ਪੁਲੀਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਤੁਹਾਡੇ ਪਿੰਡ ਵਿਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰਖਿੱਆ ਜਾਵੇਗਾ। ਪੁਲੀਸ ਦੀ ਟੀਮ ਨੇ ਸਕੂਲੀ ਬਚਿੱਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਵੀ ਚੁਕਾਈ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪੜ੍ਹਾਈ ਅਤੇ ਖੇਡਾਂ ਵਿਚ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਦਾ ਸਰਪੰਚ, ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਵੀਮੌਜੂਦ ਸਨ। ਜ਼ਿਕਰਯੋਗ ਹੈ ਕਿ ਪੁਲੀਸ ਦੀਆਂ ਟੀਮਾਂ ਲਗਾਤਾਰ ਸੂਬੇ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ, ਇਸ ਤਹਿਤ ਪਿਛਲੇ ਦਿਨਾਂ ਦੌਰਾਨ ਵੀ ਪੁਲੀਸ ਦੀਆਂ ਟੀਮਾਂ ਕਈ ਸਕੂਲਾਂ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਆਪਣੇ ਭਾਸ਼ਣ ਅਤੇ ਹੋਰ ਗਤੀਵਿਧੀਆਂ ਕਰਾ ਚੁੱਕੀਆਂ ਹਨ।