ਕਵਿਤਾ ਸਵੈ-ਪ੍ਰਗਟਾਵੇ ਦਾ ਦੂਜਾ ਨਾਂ: ਸੁਹਿੰਦਰਬੀਰ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਕਵਿਤਾ ਸਿਧਾਂਤ ਤੇ ਅਭਿਆਸ ਵਿਸ਼ੇ ’ਤੇ ਪ੍ਰੋਗਰਾਮ ਕੀਤਾ ਗਿਆ। ਮੁੱਖ ਬੁਲਾਰੇ ਡਾ. ਸੁਹਿੰਦਰਬੀਰ ਸਿੰਘ ਨੇ ‘ਕਵਿਤਾ ਕੀ ਹੈ’ ਬਾਰੇ ਚਰਚਾ ਕਰ ਕੇ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਕਾਵਿ ਰਚਨਾ ਪ੍ਰਸਿੱਧ ਕਵੀ ਡਾ. ਹਰਿਭਜਨ ਸਿੰਘ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤੀ ਸੀ। ਸ੍ਰੀ ਸਿੰਘ ਨੇ ਕਿਹਾ ਕਿ ਕਵਿਤਾ ਆਪਣੇ ਆਪ ਤੋਂ ਆਪਣੇ ਤਕ ਦੀ ਯਾਤਰਾ ਹੈ। ਕਵਿਤਾ ਬਾਰੇ ਬੋਲਦਿਆਂ ਉਨ੍ਹਾਂ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਹਵਾਲਾ ਦਿੱਤਾ। ਉਨ੍ਹਾਂ ਕਵਿਤਾ ਨੂੰ ਸਵੈ-ਪ੍ਰਗਟਾਵੇ ਦਾ ਸਮਾਨਾਰਥੀ ਦੱਸਿਆ। ਪੱਛਮੀਂ ਵਿਦਵਾਨ ਅਰਸਤੂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਕਵੀ ਦਾ ਸੱਚ ਇਤਿਹਾਸ ਨਾਲੋਂ ਵਧੇਰੇ ਖ਼ਾਸ ਹੁੰਦਾ ਹੈ ਕਿਉਂਕਿ ਕਵੀ ਆਮ ਲੋਕਾਂ ਦੇ ਜੀਵਨ ਦਾ ਅਨੁਭਵ ਕਰਦਾ ਹੈ। ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਮੁੱਖ ਬੁਲਾਰੇ ਦੀ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੁਹਿੰਦਰਬੀਰ ਨੇ ਰੂਸੋ ਦੇ ਵਿਚਾਰਾਂ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਰੂਸੋ ਦੇ ਅਨੁਸਾਰ ਇਕੱਲਤਾ ਲੋਕਾਂ ਲਈ ਸਰਾਪ ਹੈ ਪਰ ਕਲਾਕਾਰਾਂ ਤੇ ਕਵੀਆਂ ਲਈ ਵਰਦਾਨ ਹੈ। ਕਵਿਤਾ ਸਿਰਜਣਾ ਦੀ ਪ੍ਰਕਿਰਿਆ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਵਿਤਾ ਅਚੇਤ ਤੇ ਚੇਤਨ ਦੇ ਸੰਗਮ ਤੋਂ ਪੈਦਾ ਹੁੰਦੀ ਹੈ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਕਵਿਤਾ ਦੇ ਵਿਲੱਖਣ ਸੁਭਾਅ ਬਾਰੇ ਦੱਸਿਆ।
ਅੰਤ ਵਿੱਚ ਡਾ. ਦਵਿੰਦਰ ਬੀਬੀ ਪੁਰੀਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਗਰਾਮ ਦਾ ਸੰਚਾਲਨ ਸਹਾਇਕ ਪ੍ਰੋ. ਸਿੱਖਿਆ ਵਿਭਾਗ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ ਵੱਲੋਂ ਕੀਤਾ ਗਿਆ।
