ਆਜ਼ਾਦੀ ਦਿਵਸ ਮੌਕੇ ਨਸ਼ਾ ਮੁਕਤੀ ਲਈ ਸਹੁੰ ਚੁੱਕ ਸਮਾਗਮ
ਆਰੀਆ ਕੰਨਿਆ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ 79ਵੇਂ ਆਜ਼ਾਦੀ ਦਿਵਸ ਮੌਕੇ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਹਰ ਘਰ ਤਿਰੰਗਾ, ਦੇਸ਼ ਭਗਤੀ ਕਵਿਤਾ ਪਾਠ ਦਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਤਿਰੰਗੇ ਪ੍ਰਤੀ ਪਿਆਰ ਦੀ ਭਾਵਨਾ ਸਬੰਧੀ ਸਹੁੰ ਚੁੱਕਵਾਈ ਗਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੀ ਮੁੱਖੀ ਡਾ. ਸਿਮਰਜੀਤ ਕੌਰ ਨੇ ਕੀਤੀ। ਉਨ੍ਹਾਂ ਨੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਦਾ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਪੁੱਜਣ ’ਤੇ ਸਵਾਗਤ ਕੀਤਾ। ਡਾ. ਆਰਤੀ ਤਰੇਹਨ ਨੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਲਈ ਵਧਾਈ ਦਿੱਤੀ ਤੇ ਕਿਹਾ ਕਿ ਆਜ਼ਾਦੀ ਦਾ ਤਿਉਹਾਰ ਸਾਰਿਆਂ ਦਾ ਸਾਂਂਝਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ੁਭ ਮੌਕੇ ’ਤੇ ਸਾਨੂੰ ਸਾਰਿਆਂ ਨੂੰ ਜਾਤ, ਧਰਮ, ਰੰਗ, ਨਸਲ, ਭਾਸ਼ਾ ਅਤੇ ਸਭਿਆਚਾਰ ਦੇ ਭੇਦਭਾਵ ਨੂੰ ਭੁੱਲ ਕੇ ਇਕਜੁੱਟ ਹੋਣਾ ਚਾਹੀਦਾ ਹੈ। ਵਿਦਿਆਰਥਣਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਕਿਹਾ ਕਿ ਅਜੇਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਵਿਚ ਦੇਸ਼ ਪ੍ਰਤੀ ਪਿਆਰ ਅਤੇ ਸਤਕਾਰ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਕਾਲਜ ਦੀਆਂ 68 ਵਿਦਿਆਰਥਣਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਕਾਲਜ ਫੈਕਲਟੀਆਂ ਦੀਆਂ 341 ਕਾਪੀਆਂ ਵੰਡੀਆਂ ਗਈਆਂ। ਵਿਦਿਆਰਥਣਾਂ ਨੂੰ ਤਿਰੰਗੇ ਦੀ ਸਹੁੰ ਚੁਕਾਈ ਗਈ। ਇਸ ਦੇ ਨਾਲ ਹੀ ਤੰਬਾਕੂ ਵਿਰੋਧੀ ਅਤੇ ਨਸ਼ਾ ਛੁਡਾਊ ਸੈੱਲ ਵੱਲੋ ਨਸ਼ਾ ਛੁਡਾਊ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ। ਜਿਸ ਵਿਚ 341 ਵਿਦਿਆਰਥਣਾਂ ਨੇ ਹਿੱਸਾ ਲਿਆ।