ਸਾਈਬਰ ਕ੍ਰਾਈਮ ਬਾਰੇ ਜਾਗਰੂਕਤਾ ਨਾਟਕ ਖੇਡਿਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਜੁਲਾਈ
ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਜ਼ਿੰੰਦਗੀ ਵਿੱਚ ਹਾਸਾ ਤਣਾਅ ਨੂੰ ਦੂਰ ਕਰਨ ਦੇ ਨਾਲ ਨਾਲ ਲੋਕਾਂ ਵਿੱਚ ਖੁਸ਼ੀ ਭਰਿਆ ਮਾਹੌਲ ਪੈਦਾ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਕਲਾ ਤੇ ਸਭਿਆਚਾਰਕ ਵਿਭਾਗ ਵਲੋਂ ਹਰਿਆਣਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਵਿੱਚ ਕਰਵਾਏ ਹਅਿਾਣਵੀ ਨਾਟਕ ਉਤਸਵ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕੀਤਾ।
ਹਰਿਆਣਵੀ ਨਾਟਕ ਉਤਸਵ ਮੌਕੇ ਨਿਊ ਉਥਾਨ ਥੀਏਟਰ ਗਰੁੱਪ ਕੁਰੂਕਸ਼ੇਤਰ ਦੇ ਕਲਾਕਾਰਾਂ ਵਲੋਂ ‘ਗਈ ਭੈਂਸ ਪਾਣੀ ਮੇਂ’ ਦਾ ਮੰਚਨ ਕੀਤਾ ਗਿਆ। ਵਿਕਾਸ ਸ਼ਰਮਾ ਦੇ ਲਿਖੇ ਨਾਟਕ ਤੇ ਨਿਰਦੇਸ਼ਨ ਵਿੱਚ ਖੇਡੇ ਨਾਟਕ ਰਾਹੀਂ ਕਲਾਕਾਰਾਂ ਨੇ ਹਾਸਿਆਂ ਨਾਲ ਲੋਕਾਂ ਨੂੰ ਸਾਈਬਰ ਕਰਾਈਮ ਤੋਂ ਬਚਣ ਦਾ ਸੁਨੇਹਾ ਦਿੱਤਾ। ਨਾਟਕ ਵਿਚ ਇਕ ਅਜਿਹੇ ਪਰਿਵਾਰ ਵਿਚ ਵਾਪਰੀ ਘਟਨਾ ਨੂੰ ਦਿਖਾਇਆ ਗਿਆ ਜੋ ਲਾਲਚ ਵਿਚ ਆ ਕੇ ਗਰੀਬ ਬਣਨ ਦਾ ਨਾਟਕ ਕਰਦੇ ਹੋਏ ਸਾਈਬਰ ਕਰਾਈਮ ਦਾ ਸ਼ਿਕਾਰ ਹੋ ਜਾਂਦਾ ਹੈ। ਪਾਤਰ ਨਥੂ ਤੇ ਫੁਲੋ ਦਾ ਬੇਹੱਦ ਅਮੀਰ ਪਰਿਵਾਰ ਹੈ ਜਿਨ੍ਹਾਂ ਦੇ ਦੋ ਬੇਟੇ ਤੇ ਇਕ ਭੈਣ ਇੱਕਠੇ ਰਹਿੰਦੇ ਹਨ। ਇਕ ਦਿਨ ਇਕ ਸਾਈਬਰ ਠੱਗ ਪਿੰਡ ਦੀ ਭੋਲੀ ਭਾਲੀ ਜਨਤਾ ਨੂੰ ਅਮੀਰ ਬਣਾਉਣ ਦਾ ਸੁਫ਼ਨਾ ਦਿਖਾ ਦਿੰਦਾ ਹੈ, ਜਿਸ ਕਾਰਨ ਫੁਲੋ ਤੇ ਉਸ ਦਾ ਪਰਿਵਾਰ ਅਮੀਰ ਹੁੰਦੇ ਹੋਏ ਵੀ ਗਰੀਬ ਬਣਨ ਦਾ ਨਾਟਕ ਕਰਦਾ ਹੈ। ਪਰਿਵਾਰ ਦਾ ਹਰ ਜੀਅ ਆਪਣੇ-ਆਪਣੇ ਢੰਗ ਨਾਲ ਸਾਈਬਰ ਠੱਗ ਨੂੰ ਆਪਣੀ ਗਰੀਬੀ ਦਾ ਸਬੂਤ ਦਿੰਦਾ ਹੈ, ਆਖੀਰ ਵਿਚ ਸਾਈਬਰ ਠੱਗ ਨਥੂ ਦੇ ਪਰਿਵਾਰ ਕੋਲੋਂ 30 ਹਜ਼ਾਰ ਰੁਪਏ ਠੱਗ ਲੈਂਦਾ ਹੈ ਤੇ ਬਾਅਦ ਵਿਚ ਉਸ ਨੂੰ ਪੁਲੀਸ ਫੜ ਲੈਂਦੀ ਹੈ। ਇਸੇ ਤਰ੍ਹਾਂ ਹਾਸਿਆਂ ਨਾਲ ਕਲਾਕਾਰ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਣ ਦੀ ਸਲਾਹ ਦਿੰਦੇ ਹਨ।
ਨਾਟਕ ਵਿਚ ਕਲਾਕਾਰਾਂ ਦੀ ਭੂਮਿਕਾ ਕਾਬਿਲੇ ਤਾਰੀਫ ਰਹੀ। ਕੁਝ ਕੁ ਪਲਾਂ ਵਿੱਚ ਅਮੀਰ ਤੋਂ ਗਰੀਬ ਵਿਚ ਤਬਦੀਲ ਹੋਣਾ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਗਿਆ। ਇਸ ਮੌਕੇ ਬ੍ਰਿਜ ਸ਼ਰਮਾ, ਅੰਨਪੂਰਨਾ, ਦੀਪਕ ਕੌਸ਼ਿਕ, ਸੂਰਜ ਭਾਨ, ਜਗਜੀਤ, ਨੀਰਜ ਸੇਠੀ ਆਦਿ ਵਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ।