ਹਰੇ ਪਟਾਕਿਆਂ ਦੀ ਵਿਕਰੀ ਲਈ ਥਾਵਾਂ ਤੈਅ
ਦੀਵਾਲੀ ਦੇ ਤਿਉਹਾਰ ਮੌਕੇ ਵਾਤਾਵਰਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰਪਾਲਿਕਾ ਨਰਾਇਣਗੜ੍ਹ ਖੇਤਰ ਅਤੇ ਗ੍ਰਾਮ ਪੰਚਾਇਤ ਸ਼ਹਿਜ਼ਾਦਪੁਰ ਵਿੱਚ ਪਟਾਕਿਆਂ ਦੀ ਵਿਕਰੀ ਲਈ ਥਾਵਾਂ ਤੈਅ ਕੀਤੀਆਂ ਗਈਆਂ ਹਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐੱਸ ਡੀ ਐੱਮ ਸ਼ਿਵਜੀਤ ਭਾਰਤੀ ਨੇ ਕਿਹਾ ਕਿ ਪਟਾਕੇ ਵੇਚਣ ਲਈ ਦਿਲਚਸਪੀ ਰੱਖਣ ਵਾਲੇ ਬਿਨੈਕਾਰ 15 ਅਕਤੂਬਰ, 2025 ਤੱਕ ਨਾਰਾਇਣਗੜ੍ਹ ਸਥਿਤ ਐੱਸ ਡੀ ਐੱਮ ਦਫ਼ਤਰ ਵਿੱਚ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਕੇ 18, 19 ਤੇ 20 ਅਕਤੂਬਰ ਤੱਕ ਸਟਾਲ ਲਗਾ ਕੇ ਸਿਰਫ਼ ਨਿਰਧਾਰਤ ਥਾਵਾਂ ’ਤੇ ਹੀ ਵੇਚੇ ਜਾ ਸਕਦੇ ਹਨ। ਐੱਸ ਡੀ ਐੱਮ ਨੇ ਕਿਹਾ ਕਿ ਨਗਰ ਪਾਲਿਕਾ ਨਰਾਇਣਗੜ੍ਹ ਖੇਤਰ ਵਿੱਚ ਹੁੱਡਾ ਸੈਕਟਰ 4 ਕਾਲਜ ਰੋਡ ’ਤੇ ਹੁੱਡਾ ਪਾਰਕਿੰਗ ਗਰਾਊਂਡ ਨੂੰ ਹਰੇ ਪਟਾਕਿਆਂ ਦੀ ਵਿਕਰੀ ਲਈ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਗ੍ਰਾਮ ਪੰਚਾਇਤ ਸ਼ਹਿਜ਼ਾਦਪੁਰ ਵਿੱਚ ਬੀ ਡੀ ਪੀ ਓ ਸ਼ਹਿਜ਼ਾਦਪੁਰ ਨੇ ਪਸ਼ੂ ਹਸਪਤਾਲ ਨੇੜੇ ਖਾਲੀ ਪੰਚਾਇਤੀ ਜ਼ਮੀਨ ਨੂੰ ਪਟਾਕਿਆਂ ਦੀ ਵਿਕਰੀ ਲਈ ਚੁਣਿਆ ਹੈ। ਐੱਸ ਡੀ ਐੱਮ ਸ਼ਿਵਜੀਤ ਭਾਰਤੀ ਨੇ ਕਿਹਾ ਕਿ ਦੀਵਾਲੀ ’ਤੇ ਸਿਰਫ਼ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਨਾਗਰਿਕਾਂ ਨੂੰ ਪ੍ਰਦੂਸ਼ਣ ਕੰਟਰੋਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਦਿੱਲੀ ਵਰਗੇ ਸ਼ਹਿਰਾਂ ਵਿੱਚ ਪਟਾਕਿਆਂ ਦੀ ਵਿਕਰੀ ’ਤੇ ਰੋਕ ਲਗਾਈ ਹੋਈ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਹਰੇ ਪਟਾਕੇ ਵੇਚਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤੌਰ ’ਤੇ ਪਟਾਕੇ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸ ਡੀ ਐੱਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਦਿਨਾਂ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਣ ਅਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।