ਸੂਬਾ ਪੱਧਰੀ ਯੋਗ ਮਹਾਉਤਸਵ ਦੇ ਸਬੰਧ ਵਿੱਚ ਪਾਇਲਟ ਰਿਹਰਸਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ,19 ਜੂਨ
ਡਿਪਟੀ ਕਮਿਸ਼ਨਰ ਨੇਹਾ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੂਬਾ ਪੱਧਰੀ ਪ੍ਰੋਗਰਾਮ ਲਈ ਪਾਇਲਟ ਰਿਹਰਸਲ ਕੀਤੀ ਗਈ। ਪ੍ਰੋਗਰਾਮ ਵਿਚ ਆਯੂਸ਼ ਵਿਭਾਗ, ਪਤੰਜਲੀ ਯੋਗਪੀਠ, ਭਾਰਤੀ ਯੋਗ ਕਮਿਸ਼ਨ, ਹੋਰ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਨੇ ਪ੍ਰੋਟੋਕੋਲ ਯੋਗ ਦੀ ਰਿਹਰਸਲ ਕੀਤੀ। ਰਿਹਰਸਲ ਦੇ ਅੰਤ ਵਿੱਚ ਸਭ ਨੂੰ ਔਸ਼ਿਧੀ ਪੌਦੇ ਵੰਡੇ ਗਏ। ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਪ੍ਰੋਗਰਾਮ ਰਾਹੀਂ ਸਟੇਜ ਪ੍ਰਬੰਧ, ਸਾਊਂਡ ਸਿਸਟਮ, ਟਰੈਫਿਕ ਪ੍ਰਬੰਧ ,ਬੈਠਣ ਤੇ ਸੁਰੱਖਿਆ ਪ੍ਰਬੰਧ ਵਰਗੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਆਯੂਸ਼ ਅਧਿਕਾਰੀ ਡਾ. ਸੁਦੇਸ਼ ਜਾਟੀਆਨ ਤੇ ਡਾ. ਸਤਪਾਲ ਨੇ ਦੱਸਿਆ ਕਿ 21 ਜੂਨ ਨੂੰ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ’ਤੇ ਮੇਲਾ ਗਰਾਊਂਡ ਵਿੱਚ ਅੰਤਰਰਾਸ਼ਟਰੀ ਯੋਗ ਮਹਾਂਉਤਸਵ ਮਨਾਇਆ ਜਾਵੇਗਾ। ਇਸ ਵਿੱਚ ਇਕ ਲੱਖ ਤੋਂ ਵੱਧ ਲੋਕ ਇਕੋ ਸਮੇਂ ਯੋਗ ਅਭਿਆਸ ਕਰਨਗੇ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਟੀ ਸ਼ਰਟਾਂ ਤੇ ਔਸ਼ਧੀ ਪੌਦੇ ਵੰਡੇ ਜਾਣਗੇ। ਉਨਾਂ ਕਿਹਾ ਕਿ ਪਾਇਲਟ ਰਿਹਸਰਲ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੂਰੀਆ ਨਮਸਕਾਰ, ਵ੍ਰਿਕਸ਼ਾਸ਼ਨ, ਭੁਜੰਗਾਸਨ, ਸਾਹ ਲੈਣ, ਤਾੜਾਸਨ ,ਤ੍ਰਿਕੋਣਾਸਨ, ਧਨੁਰਾਸਨ ਤੇ ਵਜਰਾਸਨ ਦਾ ਅਭਿਆਸ ਕਰਾਇਆ ਗਿਆ।
ਯੋਗ ਦਿਵਸ ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਪੂਰੀ ਤਰ੍ਹਾਂ ਮੁਸਤੈਦ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਪੁਲੀਸ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਤੇ ਚੌਕਸ ਹੈ। ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ, ਟਰੈਫਿਕ ਪ੍ਰਣਾਲੀ ਤੇ ਪਾਰਕਿੰਗ ਦੇ ਢੁਕਵੇਂ ਪ੍ਰਬੰਧਾਂ ਲਈ ਯੋਜਨਾ ਤਿਆਰ ਕੀਤੀ ਗਈ ਹੈ। ਐਮਰਜੈਂਸੀ ਨਾਲ ਨਜਿੱਠਣ ਲਈ ਵੀ ਯੋਜਨਾ ਬਣਾਈ ਹੈ । ਐੱਸਐੱਪੀ ਮਿਨੀ ਸਕੱਤਰੇਤ ਵਿੱਚ ਆਪਣੇ ਦਫਤਰ ਵਿਚ ਰਾਜ ਪੱਧਰੀ ਯੋਗ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਟੀਮ ਨਾਲ ਬ੍ਰਹਮਸਰੋਵਰ, ਮੇਲਾ ਖੇਤਰ, ਅਨਾਜ ਮੰਡੀ , ਥੀਮ ਪਾਰਕ ਤੇ ਇਨ੍ਹਾਂ ਥਾਵਾਂ ਨੂੰ ਜੋੜਨ ਵਾਲੇ ਰਸਤਿਆਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਬ੍ਰਹਮਸਰੋਵਰ ਦੇ ਘਾਟਾਂ ’ਤੇ ਪੁਲੀਸ ਕਰਮਚਾਰੀ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਇਕ ਲੱਖ ਯੋਗ ਅਭਿਆਸੀ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹੇ ਤੋਂ 37 ਹਜ਼ਾਰ ਸਕੂਲੀ ਬੱਚੇ ਪ੍ਰੋਗਰਾਮ ਵਿੱਚ ਪਹੁੰਚ ਰਹੇ ਹਨ। ਇਸ ਮੌਕੇ ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਜੈ ਦੀਪ ਆਰੀਆ, ਏਡੀਸੀ ਸੋਨੂੰ ਭੱਟ, ਏਐੱਸਪੀ ਪ੍ਰਤੀਕ ਗਹਿਲੋਤ ਤੇ ਹੋਰ ਅਧਿਕਾਰੀ ਮੌਜੂਦ ਸਨ।