ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਖਿੱਚ ਦਾ ਕੇਂਦਰ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਰੋਹਾਂ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਿੱਖ ਇਤਿਹਾਸ ਦੀਆਂ ਪ੍ਰਾਚੀਨ ਝਲਕਾਂ ਚਿੱਤਰਕਲਾ ਵਜੋਂ ਸੰਗਤ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਨੂੰ ਜਾਣ ਵਾਲੇ ਮਾਰਗਾਂ ਅਤੇ ਗਲੀਆਂ ਦੀਆਂ ਦੀਵਾਰਾਂ ‘ਤੇ ਇਹ ਤਸਵੀਰਾਂ ਜੰਗੀ ਪੱਧਰ ’ਤੇ ਤਿਆਰ ਕੀਤੀਆਂ ਜਾ ਰਹੀਆਂ ਹਨ।
ਆਇਲ ਪੇਂਟ ਰੰਗਾਂ ਨਾਲ ਬਣ ਰਹੀਆਂ ਇਹ ਚਿੱਤਰਕਲਾਵਾਂ ਵਿੱਚ ਸ਼ਸਤਰ ਵਿਦਿਆ, ਘੋੜ ਸਵਾਰੀ, ਪੰਜਾਬੀ ਲਿਪੀ, ਸੱਭਿਆਚਾਰ ਅਤੇ 350 ਸਾਲਾ ਸ਼ਹਾਦਤ ਨਾਲ ਸੰਬੰਧਿਤ ਵਿਸ਼ੇਸ਼ ਲੋਗੋ ਸਣੇ ਸਿੱਖ ਇਤਿਹਾਸ ਦੀਆਂ ਮੁੱਖ ਝਲਕਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ ਜਾ ਰਿਹਾ ਹੈ। ਕਚਿਹਰੀ ਰੋਡ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਅਤੇ ਹੋਰ ਕਈ ਮਾਰਗਾਂ ‘ਤੇ ਇਹ ਕੰਮ ਲਗਾਤਾਰ ਜਾਰੀ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਕਾਰਜ ਵਿੱਚ ਨਿੱਜੀ ਰੁਚੀ ਲੈਂਦਿਆਂ ਪੂਰੇ ਕੰਮ ਦੀ ਸਵੈ-ਨਿਗਰਾਨੀ ਕਰ ਰਹੇ ਹਨ। ਸਥਾਨਕ ਨਿਵਾਸੀਆਂ ਮੁਤਾਬਕ ਇਹ ਚਿੱਤਰਕਲਾ ਨਾ ਸਿਰਫ ਸ਼ਹਿਰ ਦੀ ਰੂਪ-ਰੰਗ ਵਿੱਚ ਨਿਖਾਰ ਲਾ ਰਹੀ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜਨ ਲਈ ਪ੍ਰੇਰਿਤ ਵੀ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਮਰਿਆਦਾ ਅਨੁਸਾਰ ਕਰਵਾ ਰਹੀ ਸਮਾਗਮ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਅਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਵੱਖੋ-ਵੱਖਰੇ ਧਾਰਮਿਕ ਸਮਾਗਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਵੱਲੋਂ ਚੁਣੀ ਹੋਈ ਧਾਰਮਿਕ ਸੰਸਥਾ ਹੈ ਅਤੇ ਧਾਰਮਿਕ ਮਰਿਆਦਾ ਦੀ ਪਾਲਣਾ ਕਰਵਾਉਣਾ ਉਸ ਦਾ ਅਧਿਕਾਰ ਤੇ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਬੁਨਿਆਦੀ ਢਾਂਚੇ ਅਤੇ ਹੋਰ ਕਾਰਜਾਂ ’ਤੇ ਧਿਆਨ ਦੇਣਾ ਚਾਹੀਦਾ ਹੈ।
ਰੇਤ ਕਲਾ ਰਾਹੀਂ ਦਰਸਾਈ ਬਲੀਦਾਨ ਦੀ ਕਥਾ
ਪੰਚਕੂਲਾ (ਪੀ ਪੀ ਵਰਮਾ): ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪੰਚਕੂਲਾ ਦੇ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਵਿਖੇ ਇੱਕ ਰੇਤ ਕਲਾ ਪ੍ਰਦਰਸ਼ਨੀ ਲਗਾਈ ਗਈ। ਕਲਾਕਾਰਾਂ ਨੇ ਰੇਤ ਕਲਾ ਰਾਹੀਂ ਗੁਰੂ ਤੇਗ ਬਹਾਦਰ ਦੇ ਜੀਵਨ ਆਦਰਸ਼ਾਂ ਅਤੇ ਅਮਰ ਵਿਰਾਸਤ ’ਤੇ ਆਧਾਰਿਤ ਪ੍ਰਦਰਸ਼ਨੀ ਲਾਈ। ਇਸ ਮੌਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਰਾਮਸਰ, ਨਾਡਾ ਸਾਹਿਬ ਗੁਰਦੁਆਰੇ ਦੇ ਹੈੱਡ ਗ੍ਰੰਥੀ ਸਰਦਾਰ ਜਗਜੀਤ ਸਿੰਘ, ਪਰਮਜੀਤ ਸਿੰਘ, ਸਿੱਖ ਭਾਈਚਾਰੇ ਦੇ ਕਈ ਨੁਮਾਇੰਦੇ, ਸਿੱਖ ਸੰਗਤ ਅਤੇ ਪੰਚਕੂਲਾ ਦੇ ਐੱਸ ਡੀ ਐੱਮ ਚੰਦਰਕਾਂਤ ਕਟਾਰੀਆ ਮੌਜੂਦ ਸਨ। ਗੁਰਮੀਤ ਸਿੰਘ ਰਾਮਸਰ ਨੇ ਰੇਤ ਕਲਾ ਪੇਸ਼ਕਾਰੀ ਲਈ ਹਰਿਆਣਾ ਸਰਕਾਰ ਦਾ ਧੰਨਵਾਦ ਕੀਤਾ।
ਮੋਟੇਮਾਜਰਾ ’ਚ ਕੀਰਤਨ ਦਰਬਾਰ ਅੱਜ
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਧਾਰਮਿਕ ਆਜ਼ਾਦੀ, ਨਿਆਂ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਅਦੁੱਤੀ ਸਹਾਦਤ ਨੂੰ ਨਮਨ ਕਰਦਿਆਂ 16 ਨਵੰਬਰ ਨੂੰ ਗੁਰਦੁਆਰਾ ਸਾਹਿਬ, ਪਿੰਡ ਮੋਟੇਮਾਜਰਾ ਵਿਖੇ ਕੀਰਤਨ ਸਮਾਗਮ ਕਰਵਾਇਆ ਜਾਵੇਗਾ। ਐੱਸ ਡੀ ਐੱਮ ਮੁਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਇਹ ਸਮਾਗਮ ਸਵੇਰੇ 10 ਵਜੇ 12 ਵਜੇ ਹੋਣਗੇ । ਇਸ ਦੌਰਾਨ ਭਾਈ ਗੁਰਵਿੰਦਰ ਸਿੰਘ ਦਾ ਜਥਾ ਅਤੇ ਕਥਾ ਵਾਚਕ ਭਾਈ ਸੰਦੀਪ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਾਲੇ ਹਾਜ਼ਰੀ ਲਗਾਉਣਗੇ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਸਮਾਗਮ ਵਿੱਚ ਪੁੱਜਣਗੇ।
ਅੱਜ ਅੰਬਾਲਾ ਪੁੱਜੇਗੀ ਸ਼ਹੀਦੀ ਯਾਤਰਾ
ਅੰਬਾਲਾ (ਸਰਬਜੀਤ ਸਿੰਘ ਭੱਟੀ): ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਹਿੰਦ ਦੀ ਚਾਦਰ ਸ਼ਹੀਦੀ ਯਾਤਰਾ’ ਦਾ 16 ਨਵੰਬਰ ਨੂੰ ਅੰਬਾਲਾ ਜ਼ਿਲ੍ਹੇ ਵਿੱਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਯਾਤਰਾ ਦੇ ਸੁਚਾਰੂ ਪ੍ਰਬੰਧ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਪੂਰੀ ਤਿਆਰੀ ਕਰ ਲਈ ਹੈ। ਪੰਚਕੂਲਾ ਤੋਂ ਸ਼ੁਰੂ ਹੋਈ ਇਹ ਯਾਤਰਾ 16 ਨਵੰਬਰ ਨੂੰ ਭੂਰੇਵਾਲਾ ਰਾਹੀਂ ਅੰਬਾਲਾ ਜ਼ਿਲ੍ਹੇ ਵਿੱਚ ਦਾਖਲ ਹੋਵੇਗੀ। ਇਸ ਤੋਂ ਬਾਅਦ ਯਾਤਰਾ ਲਾਹਾ, ਹੁਸੈਨੀ, ਨਾਰਾਇਣਗੜ੍ਹ, ਕੁਲੜਪੁਰ ਅਤੇ ਮੀਆਂਪੁਰ ਰਾਹੀਂ ਗੁਰਦੁਆਰਾ ਟੋਕਾ ਸਾਹਿਬ ਪਹੁੰਚੇਗੀ, ਜਿੱਥੇ ਰਾਤ ਦਾ ਵਿਸ਼ੇਸ਼ ਵਿਸ਼ਰਾਮ ਹੋਵੇਗਾ।
