ਪਾਣੀ ਭਰੇ ਖੇਤਰਾਂ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਡੀਸੀ
ਸਤਨਾਮ ਸਿੰਘ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਹੈ ਕਿ ਪਾਣੀ ਭਰੇ ਖੇਤਰਾਂ ਦੇ ਲੋਕਾਂ ਨੂੰ ਘਬਰਾਉਣ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਆਫਤ ਦੀ ਇਸ ਘੜੀ ਵਿਚ ਪ੍ਰਸ਼ਾਸਨ 24 ਘੰਟੇ ਲੋਕਾਂ ਦੀ ਮਦਦ ਲਈ ਤਿਆਰ ਹੈ । ਲੋਕਾਂ ਨੂੰ ਸਿਰਫ ਸਖ਼ਤ ਜਰੂਰਤ ਸਮੇਂ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ, ਨਹੀਂ ਤਾਂ ਪਾਣੀ ਭਰੇ ਇਲਾਕਿਆਂ ਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ। ਉਹ ਸ਼ਾਮ ਨੂੰ ਕਠਵਾ, ਕਲਸਾਣਾ,ਤੇ ਪੱਟੀ ਝਾਂਬੜਾ ਦੇ ਪਿੰਡਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਅਧਿਕਾਰੀਆਂ ਨੂੰ ਫੋਨ ’ਤੇ ਜ਼ਰੂਰੀ ਨਿਰਦੇਸ਼ ਦੇ ਰਹੇ ਸਨ। ਇਥੇ ਮਾਰਕੰਡਾ ਨਦੀ ਪੱਟੀ ਝਾਬੜਾਂ ਵਿਚ ਪਾਣੀ ਦੀ ਸਥਿਤੀ ਨੂੰ ਦੇਖਦੇ ਹੋਏ ਲਗਪਗ 100 ਲੋਕਾਂ ਨੂੰ ਮੰਦਰ ਤੇ ਧਰਮਸ਼ਾਲਾ ਵਿਚ ਤਬਦੀਲ ਕੀਤਾ ਗਿਆ ਤੇ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਬਾਕੀ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਭਰਨ ਦੀ ਸਥਿਤੀ ਵਿੱਚ ਉਹ ਸੁਰੱਖਿਅਤ ਥਾਂ ਪਹੁੰਚ ਜਾਣ। ਇਸ ਤੋਂ ਬਾਅਦ ਉਨ੍ਹਾਂ ਨੇ ਕਲਸਾਣਾ ਤੇ ਕਠਵਾ ਪਿੰਡਾਂ ਦਾ ਜਾਇਜ਼ਾ ਲਿਆ। ਪਾਣੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਕਠਵਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਇਹ ਤੱਥ ਸਾਹਮਣੇ ਆਏ ਕਿ ਪਿੰਡ ਵਿਚ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਹੈ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਚਾਰੇ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਰਾਤ ਦੇ ਸਮੇਂ ਗਸ਼ਤ ਤੇ ਠੀਕਰੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਪਾਣੀ ਤੋਂ ਬਚਾਉਣ ਤੋਂ ਬਾਅਦ ਪਿੰਡ ਲਿਜਾਣ ਲਈ ਪਿੰਡ ਵਾਸੀਆਂ ਦੀ ਮਦਦ ਨਾਲ ਆਵਾਜਾਈ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਪਾਣੀ ਭਰਨ ਦੀ ਸਥਿਤੀ ’ਤੇ ਨਜਰ ਰੱਖ ਰਿਹਾ ਹੈ ਤੇ ਮੁਲਾਣਾ ਤੋਂ ਲੈ ਕੇ ਝਾਂਸਾ ਇਸਮਾਈਲਾਬਾਦ ਤੇ ਜਲਬੇਹੜਾ ਖੇਤਰ ਤਕ ਹਰ ਪਲ ਜਾਣਕਾਰੀ ਲੈ ਰਿਹਾ ਹੈ। ਹੁਣ ਤਕ ਸਥਿਤੀ ਕਾਬੂ ਹੇਠ ਹੈ। ਮੁੱਖ ਮੰਤਰੀ ਦੇ ਹੁਕਮਾਂ ’ਤੇ ਪ੍ਰਸ਼ਾਸਨ ਨੇ ਸਕੂਲਾਂ ਤੇ ਆਂਗਨਵਾੜੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਐੱਸਡੀਆਰਐੱਫ ਦੀਆਂ ਟੀਮਾਂ ਵੀ ਮਦਦ ਲਈ ਪਹੁੰਚ ਗਈਆਂ ਹਨ।