ਘੱਗਰ ਵਿੱਚ ਵਧੇ ਪਾਣੀ ਕਾਰਨ ਲੋਕ ਸਹਿਮੇ
ਪਹਾੜਾਂ ’ਚੋਂ ਆਏ ਪਾਣੀ ਨੇ ਡੈਮਾਂ ਨੂੰ ਨੱਕੋਂ-ਨੱਕ ਭਰ ਦਿੱਤਾ ਹੈ, ਇਸ ਵਿਚਾਲੇ ਘੱਗਰ ਦਾ ਪਾਣੀ ਵੀ ਹੁਣ ਨੁਕਸਾਨ ਕਰ ਸਕਦਾ ਹੈ। ਪੌਂਗ ਡੈਮ ’ਚ ਲੰਘੀ ਰਾਤ ਤੋਂ ਵੱਧ ਤੋਂ ਵੱਧ ਪੌਣੇ ਤਿੰਨ ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਉਪਰ ਚਲਾ ਗਿਆ ਹੈ। ਇਸੇ ਤਰ੍ਹਾਂ ਭਾਖੜਾ ਡੈਮ ’ਚ ਲੰਘੀ ਰਾਤ ਤੋਂ ਵੱਧ ਤੋਂ ਵੱਧ 1.15 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਦੋ ਫੁੱਟ ਹੇਠਾਂ ਰਹਿ ਗਿਆ ਹੈ। ਰਣਜੀਤ ਸਾਗਰ ਡੈਮ ’ਚ ਵੀ ਪਹਾੜਾਂ ’ਚੋਂ ਇੱਕ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆਉਣ ਲੱਗਿਆ ਹੈ।
ਅੱਜ ਰਤੀਆ ਕੋਲ ਘੱਗਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੇ ਸਾਹ ਸੂਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਤੀਆ ਵਿਚੋਂ ਲੰਘਦਾ ਘੱਗਰ ਦਰਿਆ ਦਾ ਪਾਣੀ ਵਧਣ ਕਾਰਨ ਲੋਕ ਡਰੇ ਅਤੇ ਸਹਿਮੇ ਹੋਏ ਹਨ। ਹਾਲਾਂਕਿ ਪ੍ਰਸ਼ਾਸ਼ਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਡਰ ਭੈਅ ਵਿਚ ਨਾ ਹੋਣ ਦੀ ਗੱਲ ਕਹਿ ਰਿਹਾ ਹੈ ਪਰ ਪਾਣੀ ਦਾ ਪੱਧਰ ਲੋਕਾਂ ਨੂੰ ਡਰਾ ਰਿਹਾ ਹੈ। ਘੱਗਰ ਵਿੱਚ ਤੇਜ਼ ਵਹਿ ਰਹੇ ਪਾਣੀ ਕਾਰਨ ਲੋਕ ਚਿੰਤਾ ਵਿਚ ਹਨ। ਪਹਾੜਾਂ ਵਿਚ ਪੈ ਰਹੇ ਮੀਂਹ ਦਾ ਪਾਣੀ ਹਾਲੇ ਘੱਗਰ ਦੇ ਪਾਣੀ ਨੂੰ ਹੋਰ ਚੜ੍ਹਾ ਸਕਦਾ ਹੈ। ਇਸ ਡਰ ਤੋਂ ਸਹਿਮੇ ਲੋਕ ਆਪਣੇ ਖੇਤ ਅਤੇ ਘਰ ਬਚਾਉਣ ਲਈ ਠੀਕਰੀ ਪਹਿਰੇ ’ਤੇ ਬੈਠੇ ਹਨ ਅਤੇ ਘੱਗਰ ਦੇ ਕਿਨਾਰੇ ਮਿੱਟੀ ਪਾ ਕੇ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਪਾਣੀ ਦੇ ਵੱਧਦੇ ਪੱਧਰ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਨਦੀ ’ਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਘੱਗਰ ਨਦੀ ਦੇ ਪਾਣੀ ਨੂੰ ਬਚਾਉਣ ਲਈ ਘੱਗਰ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ ਅਤੇ ਮਿੱਟੀ ਦੇ ਬੰਨ ਬਣਾਉਣ ਦਾ ਕੰਮ ਵੀ ਜਾਰੀ ਹੈ।
ਡੀ.ਸੀ. ਅਤੇ ਐੱਸ.ਡੀ.ਐੱਮ. ਵੱਲੋਂ ਘੱਗਰ ਨੇੜਲੇ ਪਿੰਡ ਦਾ ਦੌਰਾ
ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਘੱਗਰ ਨੇੜਲੇ ਪਿੰਡ ਚਾਂਦਪੁਰ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਪ੍ਰਸ਼ਾਸਨ ਤੁਹਾਡੇ ਨਾਲ ਹੈ। ਰਤੀਆ ਦੇ ਐੱਸ ਡੀ ਐੱਮ ਸੁਰੇਂਦਰ ਕੁਮਾਰ ਨੇ ਘੱਗਰ ਨਦੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਘੱਗਰ ਨਦੀ ’ਤੇ ਮਿੱਟੀ ਦੇ ਬੰਨ ਬਣਾਉਣ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਨਾ ਘਬਰਾਉਣ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਘੱਗਰ ਨਦੀ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟਾਂਗਰੀ ਨਦੀ ਵਿੱਚ, ਮਾਰਕੰਡਾ ਨਦੀ ਵਿੱਚ ਪਾਣੀ ਵਧਣ ਕਾਰਨ ਘੱਗਰ ਨਦੀ ਵਿੱਚ ਪਾਣੀ ਵਧ ਰਿਹਾ ਹੈ।