ਵੰਦੇ ਭਾਰਤ ਐਕਸਪ੍ਰੈੱਸ ਵਿੱਚ ਪਾਣੀ ਆਉਣ ਕਾਰਨ ਸਵਾਰੀਆਂ ਦਾ ਸਾਮਾਨ ਤੇ ਸੀਟਾਂ ਭਿੱਜੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਰਸਤੇ ਦੇ ਵਿਚਕਾਰ ਪਾਣੀ ਲੀਕ ਹੋਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਯਾਤਰੀਆਂ ਦੀਆਂ ਸੀਟਾਂ ’ਤੇ ਭਾਰੀ ਪਾਣੀ ਡਿੱਗ ਰਿਹਾ ਹੈ। ਇਸ ਨਾਲ ਯਾਤਰੀਆਂ ਦੀਆਂ ਸੀਟਾਂ ਅਤੇ ਸਾਮਾਨ ਭਿੱਜ ਰਿਹਾ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਕਿ ਦਿੱਲੀ ਜਾਣ ਵਾਲੀ 22415 ਵੰਦੇ ਭਾਰਤ ਐਕਸਪ੍ਰੈੱਸ ਵਿੱਚ ਇੱਕ ਮੁਫਤ ‘ਵਾਟਰਫਾਲ’ ਸੇਵਾ ਅਨਲੌਕ ਕੀਤੀ ਗਈ ਜਿਸ ਨਾਲ ਯਾਤਰੀਆਂ ਨੂੰ ਰੇਨਕੋਟ ਲੈਣੇ ਪਏ। ਇਸ ਵੀਡੀਓ ਮਗਰੋਂ ਕਈਆਂ ਨੇ ਇਸ ਦੀ ਆਲੋਚਨਾ ਕੀਤੀ ਹੈ। ਵੀਡੀਓ ਵਿੱਚ ਯਾਤਰੀਆਂ ਦੀਆਂ ਸੀਟਾਂ ’ਤੇ ਏਸੀ ਵੈਂਟ ਵਿੱਚੋਂ ਕਾਫ਼ੀ ਪਾਣੀ ਵਗਦਾ ਦਿਖਾਇਆ ਗਿਆ ਹੈ, ਜਿਸ ਵਿੱਚ ਇੱਕ ਯਾਤਰੀ ਹੈਰਾਨ ਅਤੇ ਨਿਰਾਸ਼ ਦਿਖਾਈ ਦੇ ਰਿਹਾ ਹੈ। ਇੱਕ ਨੇ ਏਅਰ ਇੰਡੀਆ ਦੀ ਉਡਾਣ ਤੋਂ ਪਾਣੀ ਲੀਕ ਹੋਣ ਦੀ ਘਟਨਾ ਦੀ ਇੱਕ ਹੋਰ ਵੀਡੀਓ ਸਾਂਝੀ ਕਰਦੇ ਹੋਏ, ਵੀਡੀਓ ’ਤੇ ਮਜ਼ਾਕੀਆ ਅਤੇ ਵਿਅੰਗਾਤਮਕ ਢੰਗ ਨਾਲ ਜਵਾਬ ਦਿੱਤਾ ਹੈ। ਉਪਭੋਗਤਾ ਨੇ ਲਿਖਿਆ ਮਿ ਸਿਰਫ਼ ਏਅਰ ਇੰਡੀਆ ਦੇ ਯਾਤਰੀਆਂ ਨੂੰ ਹੀ ਸਾਰਾ ਮਜ਼ਾ ਕਿਉਂ ਲੈਣਾ ਚਾਹੀਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਪਾਣੀ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੋਵੇ। 2024 ਵਿੱਚ ਵੀ ਇੱਕ ਅਜਿਹੀ ਹੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਉਧਰ, ਉੱਤਰੀ ਰੇਲਵੇ ਨੇ ਕਿਹਾ ਕਿ ਪਾਈਪਾਂ ਵਿੱਚ ਅਸਥਾਈ ਰੁਕਾਵਟ ਕਾਰਨ ਕੋਚ ਵਿੱਚ ਥੋੜ੍ਹਾ ਜਿਹਾ ਪਾਣੀ ਲੀਕ ਹੁੰਦਾ ਦੇਖਿਆ ਗਿਆ। ਇਸ ਦਾ ਧਿਆਨ ਰੱਖਿਆ ਗਿਆ ਅਤੇ ਰੇਲਵੇ ਦੇ ਸਟਾਫ ਵੱਲੋਂ ਇਸ ਨੂੰ ਠੀਕ ਕੀਤਾ ਗਿਆ। ਇਸ ਸੰਬਧੀ ਹੋਈ ਅਸੁਵਿਧਾ ਲਈ ਮੁਆਫ਼ੀ ਮੰਗੀ ਜਾਂਦੀ ਹੈ।