ਪੇਪਰਲੈੱਸ ਰਜਿਸਟਰੀ: ਪਹਿਲੇ ਦਿਨ ਪਿੱਲੂ ਖੇੜਾ ਨੇ ਬਾਜ਼ੀ ਮਾਰੀ
ਹਰਿਆਣਾ ਵਿੱਚ ਪੈਪਰਲੈੱਸ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਣ ਦੇ ਪਹਿਲੇ ਦਿਨ ਜੀਂਦ ਜ਼ਿਲ੍ਹੇ ਦੀ ਪਿੱਲੂ ਖੇੜਾ ਸਬ-ਤਹਿਸੀਲ ਨੇ 15 ਰਜਿਸਟਰੀਆਂ ਕਰ ਕੇ ਬਾਜ਼ੀ ਮਾਰ ਲਈ ਹੈ। ਸਰਕਾਰੀ ਸੂਤਰਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿੱਚੋਂ ਸਭ ਤੋਂ ਵੱਧ ਰੌਣਕ ਪਿੱਲੂ ਖੇੜਾ ਉਪ ਤਹਿਸੀਲ ਵਿੱਚ ਤੇ ਜੀਂਦ ਤਹਿਸੀਲ ਵਿੱਚ ਵੇਖੀ ਗਈ।
ਇਸ ਦੌਰਾਨ ਪਿੱਲੂ ਖੇੜਾ ਉਪ ਤਹਿਸੀਲ ਵਿੱਚ 15 ਰਜਿਸਟਰੀਆਂ ਅਤੇ ਜੀਂਦ ਵਿੱਚ ਮਾਤਰ 6 ਰਜਿਟਰੀਆਂ ਹੀ ਹੋ ਸਕੀਆਂ ਹਨ। ਇਸ ਤੋਂ ਇਲਾਵਾ ਉਚਾਣਾ, ਅਲੇਵਾ ਤੇ ਜੁਲਾਣਾ ਵਿੱਚ ਇੱਕ ਵੀ ਰਜਿਸਟਰੀ ਨਹੀਂ ਹੋ ਸਕੀ। ਨਰਵਾਣਾ ਤਹਿਸੀਲ ਵਿੱਚ ਦੋ ਟੋਕਨ ਤਾਂ ਜਾਰੀ ਕੀਤੇ ਗਏ ਸੀ ਪਰ ਤਕਨੀਕੀ ਕਾਰਨਾਂ ਕਾਰਨ ਆਨ ਲਾਈਨ ਰਜਿਸਟਰੀ ਨਾ ਹੋ ਸਕੀ।
ਸਫੀਦੋਂ ਤਹਿਸੀਲ ਦੇ ਤਹਿਸੀਲਦਾਰ ਰਾਜੇਸ਼ ਗਰਗ ਨੇ ਦੱਸਿਆ ਕਿ ਇੱਥੇ 3 ਟੋਕਨ ਜਾਰੀ ਕੀਤੇ ਗਏ ਸਨ ਪਰ ਇੱਕ ਰਜਿਸਟਰੀ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਬਾਕੀ ਦੋ ਰਜਿਸਟਰੀਆਂ ਨੂੰ ਚੈੱਕ ਕਰਨ ਮਗਰੋਂ ਮਨਜ਼ੂਰੀ ਦਿੱਤੀ ਜਾਵੇਗੀ। ਮਾਲ ਵਿਭਾਗ ਵੱਲੋਂ ਆਨ ਲਾਈਨ ਰਜਿਸਟਰੀਆਂ ਦੇ ਕੰਮ ਲਈ ਕੰਪਿਊਟਰ ਅਪਰੇਟਰਾਂ, ਤਹਿਸੀਲਦਾਰਾਂ ਅਤੇ ਐੱਸ ਡੀ ਐੱਮ ਤੱਕ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਤਾਂ ਕਿ ਕੰਮ ਕਰਨ ਵਿੱਚ ਕੋਈ ਦਿੱਕਤ ਨਾ ਆਵੇ।
ਇਸਦੇ ਲਾਗੂ ਹੋਣ ਨਾਲ ਹੁਣ ਲੋਕਾਂ ਨੂੰ ਅਪਣੀ ਰਜਿਸਟਰੀ ਕਰਵਾਉਣ ਲਈ ਦਲਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਤੇ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਸਰਕਾਰ ਦੀ ਇਸ ਪ੍ਰੀਕਿਰਿਆ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਨੇ ਪੁਰਾਣੇ ਸਟਾਮ ਪੇਪਰ ਲੈ ਕੇ ਰੱਖੇ ਹੋਏ ਹਨ।
