ਸਮਾਰਟ ਮੀਟਰਾਂ ਖ਼ਿਲਾਫ਼ ਪੈਣ ਲੱਗੇ ਪੰਚਾਇਤੀ ਮਤੇ
ਪੰਜਾਬ ਸਟੇਟ ਪਾਵਰਕੌਮ ਕਾਰਪੋਰੇਸ਼ਨ ਲਿਮਿਟਡ ਵੱਲੋਂ ਸੂਬੇ ਵਿੱਚ ਲਗਾਏ ਜਾ ਰਹੇ ਬਿਜਲੀ ਦੇ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਪੰਚਾਇਤੀ ਮਤੇ ਪੈਣੇ ਆਰੰਭ ਹੋ ਗਏ ਹਨ। ਪਿੰਡ ਰਾਮਪੁਰ ਖੁਰਦ ਅਤੇ ਰਾਮ ਨਗਰ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਮਤਿਆਂ ਦੀਆਂ ਕਾਪੀਆਂ ਪਾਵਰਕੌਮ ਦੇ ਬਨੂੜ ਸਥਿਤ ਐਸਡੀਓ ਮੇਜਰ ਸਿੰਘ ਦੇ ਸਪੁਰਦ ਕੀਤੀਆਂ।
ਭਾਰਤੀ ਕਿਸਾਨ ਯੂਨੀਅਨ ਭਟੇੜੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ ਖੁਰਦ, ਬਾਬੂ ਸਿੰਘ ਸਰਪੰਚ, ਗੁਰਦੀਪ ਸਿੰਘ ਪੰਚ, ਨੰਬਰਦਾਰ ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਖੇਮ ਸਿੰਘ ਰਾਮ ਨਗਰ, ਦਿਲਬਾਗ ਸਿੰਘ ਨੰਬਰਦਾਰ, ਜਗਦੀਪ ਸਿੰਘ ਰਾਮ ਨਗਰ, ਸਰਪੰਚ ਗੁਰਵਿੰਦਰ ਸਿੰਘ, ਹਰਚੰਦ ਸਿੰਘ, ਨੰਬਰਦਾਰ, ਗੁਰਦੀਪ ਸਿੰਘ ਪੰਚ ਅਤੇ ਹੋਰਨਾਂ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਬਿਜਲੀ ਦੇ ਸਮਾਰਟ ਮੀਟਰ ਲਗਾਏ ਜਾ ਰਹੇ ਹਨ, ਜਿਸ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ ਦੋਵਾਂ ਪਿੰਡਾਂ ਦੇ ਮੋਹਤਬਰਾਂ ਨੇ ਇਕੱਠ ਕਰਕੇ ਮਤੇ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੇ ਸਮਾਰਟ ਮੀਟਰ ਕਿਸੇ ਵੀ ਕੀਮਤ ਤੇ ਨਾ ਲੱਗਣ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਿੰਡ ਵਿੱਚ ਪਾਵਰਕੌਮ ਦੇ ਕਰਮਚਾਰੀਆਂ ਵੱਲੋਂ ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਿੰਡ ਵਾਸੀਆਂ ਵੱਲੋਂ ਡਟਵਾਂ ਵਿਰੋਧ ਕੀਤੇ ਜਾਣ ਕਾਰਨ ਸਮਾਰਟ ਮੀਟਰ ਨਹੀਂ ਲੱਗਣ ਦਿੱਤਾ ਗਿਆ।