ਜੀਂਦ ਮੰਡੀ ’ਚ ਝੋਨੇ ਦੀ ਚੁਕਾਈ ਠੱਪ
ਇੱਥੇ ਨਵੀਂ ਅਨਾਜ ਮੰਡੀ ਵਿੱਚ ਪੀ ਆਰ ਝੋਨੇ ਦੀ ਐੱਮ ਐੱਸ ਪੀ ਉੱਤੇ ਖਰੀਦ ਹੋਣ ਮਗਰੋਂ ਹੁਣ ਇਸ ਦੀ ਚੁਕਾਈ ਦਾ ਮਾਮਲਾ ਲਟਕਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਭੁਗਤਾਨ ਵੀ ਨਹੀਂ ਹੋ ਰਿਹਾ, ਕਿਉਂਕਿ ਜਦੋਂ ਤੱਕ ਮੰਡੀ ਤੋਂ ਖਰੀਦੀ ਗਈ ਫਸਲ ਦੀ ਚੁਕਾਈ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸਾਨਾਂ ਨੂੰ ਇਸ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ।
ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਫਸਲਾਂ ਦੀ ਖਰੀਦ ਐੱਮ ਐੱਸ ਪੀ ’ਤੇ ਕਰਨ ਮਗਰੋਂ ਇਸ ਦੀ 48 ਘੰਟਿਆਂ ਵਿੱਚ ਚੁਕਾਈ ਲਈ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਫਸਲਾਂ ਦੀ ਚੁਕਾਈ ਨਾਂ ਹੋਣ ਕਾਰਨ ਸਰਕਾਰ ਵੱਲੋਂ ਏਜੰਸੀਆਂ ਨੂੰ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇੱਥੋਂ ਦੀ ਅਨਾਜ ਮੰਡੀ ਵਿੱਚ ਹੁਣ ਤੱਕ ਦਸ ਹਜ਼ਾਰ ਕੁਇੰਟਲ ਤੋਂ ਵੱਧ ਝੋਨੇ ਦੀ ਐੱਮ ਐੱਸ ਪੀ ਉੱਤੇ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ ਨੌਂ ਹਜ਼ਾਰ ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ, ਬਾਕੀ ਦੇ ਝੋਨਾ ਅਤੇ ਨਰਮਾ ਕਪਾਹ ਦੀ ਚੁਕਾਈ ਹੋਣਾ ਬਾਕੀ ਹੈ। ਸੁਸਾਇਟੀ ਦੇ ਪ੍ਰਬੰਧਕ ਰਤਨਦੀਪ ਨੇ ਕਿਹਾ ਹੈ ਕਿ ਝੋਨੇ ਦੀ ਫਸਲ ਦੀ ਚੁਕਾਈ ਜਾਰੀ ਹੈ ਪਰ ਆੜ੍ਹਤੀ ਦੀ ਫਸਲ ਵਿੱਚ ਸਾਫ-ਸਫਾਈ ਦੀ ਕਮੀ ਪਾਈ ਗਈ ਹੈ, ਉਸ ਦੀ ਚੁਕਾਈ ਵਿੱਚ ਦੇਰੀ ਹੋ ਰਹੀ ਹੈ। ਇਸ ਪ੍ਰਕਾਰ ਕਿਸਾਨਾਂ ਦੀ ਲਗਪਗ 50 ਲੱਖ ਰੁਪਏ ਦੀ ਫ਼ਸਲ ਲਟਕੀ ਹੋਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੀ ਫਸਲ ਦੀ ਚੁਕਾਈ ਕਰਵਾ ਲਈ ਜਾਵੇਗਾ।
 
 
             
            