ਪਟਵਾਰੀਆਂ ਦੀ ਮੁਅੱਤਲੀ ਦਾ ਵਿਰੋਧ
ਹਰਿਆਣਾ ਮੁਆਵਜ਼ਾ ਪੋਰਟਲ ’ਤੇ ਫ਼ਸਲਾਂ ਦੇ ਨੁਕਸਾਨ ਦੀ ਤਸਦੀਕ ਦੌਰਾਨ ਛੇ ਪਟਵਾਰੀਆਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਅੱਜ ਯਮੁਨਾਨਗਰ ਦੇ ਮਾਲ ਪਟਵਾਰੀ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਵਫ਼ਦ ਨੇ ਐੱਸ ਡੀ ਐੱਮ ਵਿਸ਼ਵਨਾਥ ਪ੍ਰਤਾਪ ਸਿੰਘ ਨੂੰ ਮੰਗ ਪੱਤਰ ਦਿੱਤਾ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਇਹ ਮੁੱਦਾ ਹਰਿਆਣਾ ਦੇ ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਾਵੇ, ਮੁਅੱਤਲ ਕੀਤੇ ਪਟਵਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਜਾਣ ਦੀ ਸੂਰਤ ਵਿੱਚ ਸੂਬੇ ਵਿੱਚ ਪਟਵਾਰੀ ਅਤੇ ਕਾਨੂੰਨਗੋ ਐਸੋਸੀਏਸ਼ਨਾਂ ਠੋਸ ਫੈਸਲੇ ਲੈਣ ਲਈ ਮਜਬੂਰ ਹੋਣਗੀਆਂ। ਜ਼ਿਲ੍ਹਾ ਪ੍ਰਧਾਨ ਰਾਮਫਲ ਨੇ ਕਿਹਾ ਕਿ ਛੇ ਪਟਵਾਰੀਆਂ ਦੀ ਮੁਅੱਤਲੀ ਪੂਰੀ ਤਰ੍ਹਾਂ ਨਾਜਾਇਜ਼ ਹੈ ਅਤੇ ਅਸਲ ਹਾਲਾਤਾਂ ਨੂੰ ਸਮਝੇ ਬਿਨਾਂ ਚੁੱਕਿਆ ਗਿਆ ਸਖ਼ਤ ਕਦਮ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਇਸ ਸਾਲ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸਰਕਾਰ ਨੇ ਮੁਆਵਜ਼ਾ ਪੋਰਟਲ ’ਤੇ ਨੁਕਸਾਨ ਦੀ ਤਸਦੀਕ ਲਈ ਇੱਕ ਆਦੇਸ਼ ਜਾਰੀ ਕੀਤਾ, ਜਿਸ ਤਹਿਤ ਹਰਿਆਣਾ ਵਿੱੱਚ ਲਗਪਗ 31 ਲੱਖ ਏਕੜ ਜ਼ਮੀਨ ਦਾ ਨਿਰੀਖਣ ਕੀਤਾ ਗਿਆ। ਇਹ ਕੰਮ ਸੂਬੇ ਦੇ ਸਿਰਫ਼ 750-800 ਪਟਵਾਰੀਆਂ ਵੱਲੋਂ ਸਿਰਫ਼ 20 ਦਿਨਾਂ ਵਿੱਚ ਪੂਰਾ ਕੀਤਾ ਗਿਆ, ਜੋ ਕਿ ਬਹੁਤ ਮੁਸ਼ਕਲ ਅਤੇ ਸਮਾਂਬੱਧ ਕੰਮ ਸੀ। ਪਟਵਾਰੀ ਐਸੋਸੀਏਸ਼ਨ, ਯਮੁਨਾਨਗਰ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਨੇ ਦੱਸਿਆ ਕਿ ਸੀਮਤ ਸਮੇਂ ਅਤੇ ਵੱਡੇ ਖੇਤਰ ਦੇ ਕਾਰਨ ਇੱਕੋ ਫੋਟੋ ਨੂੰ ਅਕਸਰ ਵੱਖ-ਵੱਖ ਖਸਰਾ ਨੰਬਰਾਂ ਨਾਲ ਵਰਤਿਆ ਗਿਆ ਸੀ। ਇਹ ਵਿਧੀ ਨਾ ਸਿਰਫ਼ ਯਮੁਨਾਨਗਰ ਵਿੱਚ ਸਗੋਂ ਪੂਰੇ ਸੂਬੇ ਵਿੱਚ ਅਪਣਾਈ ਗਈ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਮਿਲੇ। ਐਸੋਸੀਏਸ਼ਨ ਨੇ ਦੱਸਿਆ ਕਿ ਹਰੇਕ ਖਸਰਾ ਨੰਬਰ ਲਈ ਵੱਖਰੀਆਂ ਫੋਟੋਆਂ ਅਪਲੋਡ ਕਰਨਾ ਸੰਭਵ ਨਹੀਂ ਸੀ। ਇਸ ਦੇ ਬਾਵਜੂਦ ਕਰਮਚਾਰੀਆਂ ਨੇ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖ ਕੇ ਕੰਮ ਪੂਰਾ ਕੀਤਾ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਅੱਤਲੀ ਜਲਦੀ ਰੱਦ ਨਹੀਂ ਕੀਤੀ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ।
