ਪਿੰਡਾਂ ਵਿੱਚ ਸਮਾਰਟ ਮੀਟਰ ਲਾਉਣ ਦਾ ਵਿਰੋਧ
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਨਰਵਾਣਾ ਦੀ ਨਵੀਂ ਅਨਾਜ ਮੰਡੀ ਸਥਿਤ ਚੌਧਰੀ ਘਾਸੀ ਰਾਮ ਨੈਣ ਕਿਸਾਨ ਆਰਾਮ ਘਰ ਵਿੱਚ ਹੋਈ। ਮੀਟਿੰਗ ਦੀ ਦੀ ਪ੍ਰਧਾਨਗੀ ਕਿਸਾਨ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਘਾਸੀ ਰਾਮ ਨੈਣ ਨੇ ਕੀਤੀ। ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ। ਇਸ ਦੌਰਾਨ ਮੰਗ ਕੀਤੀ ਕਿ ਫਸਲਾਂ ਦੀ ਕੀਮਤ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕਰ ਕੇ ਫ਼ਸਲ ਦੀ ਖਰੀਦ ਦੀ ਗਾਰੰਟੀ ਦਿੰਦਾ ਕਾਨੂੰਨ ਬਣਾਇਆ ਜਾਵੇ, ਕਿਸਾਨ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਹੜ੍ਹ ਜਾਂ ਭਾਰੀ ਵਰਖਾ ਦੇ ਕਾਰਨ ਜੋ ਕਿਸੇ ਦਾ ਵੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਅਤੇ ਫਸਲ ਦੇ ਨੁਕਸਾਨ ਦਾ ਪ੍ਰਤੀ ਏਕੜ 70 ਹਜ਼ਾਰ ਰੁਪਏ ਦਿੱਤਾ ਜਾਵੇ। ਜਿੱਥੇ ਅਜੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਗਲੀ ਫਸਲ ਨਹੀਂ ਬੀਜੀ ਜਾ ਸਕਦੀ ਉਸ ਦਾ ਵੀ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਪਸ਼ੂਧਨ ਦੇ ਨੁਕਸਾਨ ਦਾ ਮੁਆਵਜ਼ਾ ਘੱਟੋ-ਘੱਟ 1 ਲੱਖ 25 ਹਜ਼ਾਰ ਰੁਪਏ ਪ੍ਰਤੀ ਪਸ਼ੂ ਦਿੱਤਾ ਜਾਵੇ, ਮਕਾਨ ਦੀ ਮੁਰੰਮਤ ਲਈ 5 ਲੱਖ ਰੁਪਏ ਅਤੇ ਮਕਾਨ ਦੇ ਪੂਰੇ ਨੁਕਸਾਨ ਦਾ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਟਿਊਬਵੈੱਲ ਆਦਿ ਦੇ ਨੁਕਸਾਨ ਦੀ ਭਰਪਾਈ ਤੁਰੰਤ ਕੀਤੀ ਜਾਵੇ ਜਾਂ ਚਾਲੂ ਕਰਵਾਇਆ ਜਾਵੇ। ਕਿਸਾਨਾਂ ਦੀ ਸਹਿਮਤੀ ਦੇ ਬਗੈਰ ਕਿਸੇ ਵੀ ਕਿਸਾਨ ਦੀ ਜ਼ਮੀਨ ਐਕੁਆਇਰ ਨਾ ਕੀਤੀ ਜਾਵੇ। ਕਿਸਾਨਾਂ ਦਾ ਝੋਨਾ ਸਮਰਥਨ ਮੁੱਲ ’ਤੇ ਖਰੀਦਿਆ ਜਾਵੇ, ਪਰਾਲੀ ਸਾੜਨ ’ਤੇ ਜੋ ਕੇਸ ਦਰਜ ਕੀਤੇ ਗਏ ਹਨ ਜਾਂ ਜੁਰਮਾਨਾ ਲਗਾਇਆ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਬਿਜਲੀ ਸੋਧ ਬਿੱਲ 2025 ਤੁਰੰਤ ਰੱਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਅਤੇ ਸੰਯੁਕਤ ਕਿਸਾਨ ਮੋਰਚਾ ਸਮਾਰਟ ਮੀਟਰਾਂ ਦਾ ਵਿਰੋਧ ਕਰਦਾ ਹੈ ਅਤੇ ਉਹ ਕਿਸੇ ਵੀ ਪਿੰਡ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੰਗਾਂ ਛੇਤੀ ਮੰਨੀਆਂ ਜਾਣ। ਇਸ ਮੌਕੇ ਹਰਿਆਣਾ ਦੇ ਜਨਰਲ ਸਕੱਤਰ ਜੀਆ ਲਾਲ, ਜੀਂਦ ਜ਼ਿਲ੍ਹੇ ਦੇ ਉਪ-ਪ੍ਰਧਾਨ ਰਮੇਸ਼ ਕੰਡੇਲਾ, ਸਾਬਕਾ ਸਰਪੰਚ ਗੰਗਾ ਸਿੰਘ, ਮੇਵਾ ਸਿੰਘ ਮਾਨ, ਬਲਵਾਨ ਸਿੰਘ, ਕਿਤਾਬ ਸਿੰਘ ਨੈਣ ਅਤੇ ਲਾਭ ਸਿੰਘ ਆਦਿ ਹਾਜ਼ਰ ਸਨ।
