ਪਾਕਿ ਨਾਲ ਮੈਚ ਖ਼ਿਲਾਫ਼ ਸੜਕਾਂ ’ਤੇ ਉਤਰੀਆਂ ਵਿਰੋਧੀ ਪਾਰਟੀਆਂ
ਵਿਰੋਧੀ ਪਾਰਟੀਆਂ ਨੇ ਅੱਜ ਦੁਬਈ ਵਿੱਚ ਏਸ਼ੀਆ ਕੱਪ ਕ੍ਰਿਕਟ ਦੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਦੇ ਵਿਰੋਧ ਵਜੋਂ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ। ਵਿਰੋਧੀ ਪਾਰਟੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਦੇਸ਼ ਦੀ ਟੀਮ ਨਾਲ ਖੇਡੇ ਜਾ ਰਹੇ ਮੈਚ ਦਾ ਬਾਈਕਾਟ ਕੀਤਾ ਜਾਵੇ ਜਿਹੜਾ ਕਿ ਅਤਿਵਾਦ ਨੂੰ ਸਪਾਂਸਰ ਕਰਦਾ ਹੈ। ਸ਼ਿਵ ਸੈਨਾ (ਯੂ ਬੀ ਟੀ) ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਜੰਮੂ ਵਿੱਚ ਪ੍ਰਦਰਸ਼ਨ ਕੀਤੇ, ਜਦਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਦਿੱਲੀ ਵਿੱਚ ਰੋਸ ਪ੍ਰਗਟਾਵਾ ਕੀਤਾ।
ਹਾਲਾਂਕਿ, ਦਿੱਲੀ ਪੁਲੀਸ ਨੇ ਜੰਤਰ-ਮੰਤਰ ਵਿਖੇ ਸ਼ਿਵ ਸੈਨਾ (ਯੂ ਬੀ ਟੀ) ਨੂੰ ਮੈਚ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਮੇਰਠ ਵਿੱਚ ਸੱਜੇ ਪੱਖੀ ਜਥੇਬੰਦੀਆਂ ਦੇ ਮੈਂਬਰਾਂ ਨੇ ਕਮਿਸ਼ਨਰ ਚੌਕ ਵਿੱਚ ਟੀਵੀ ਤੋੜ ਕੇ ਮੈਚ ਖ਼ਿਲਾਫ਼ ਰੋਸ ਪ੍ਰਗਟਾਇਆ। ਇਸੇ ਤਰ੍ਹਾਂ ਦੱਖਣੀ ਭਾਰਤ ਵਿੱਚ ਏ ਆਈ ਐੱਮ ਆਈ ਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਕੇਂਦਰ ਨੂੰ ਭੰਡਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਮੈਚ ਤੋਂ ਕਮਾਏ ਗਏ ਧਨ ਦੀ ਕੀਮਤ ਪਹਿਲਗਾਮ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਜ਼ਿਆਦਾ ਹੈ। ਮੁੰਬਈ ਵਿੱਚ ਸ਼ਿਵ ਸੈਨਾ (ਯੂ ਬੀ ਟੀ) ਨੇ ਸੱਤਾਧਾਰੀ ਪਾਰਟੀ ਦੇ ਰਾਸ਼ਟਰਵਾਦ ਅਤੇ ਦੇਸ਼ ਪ੍ਰਤੀ ਪ੍ਰੇਮ ਦਾ ਮਖੌਲ ਉਡਾਇਆ। ਯੂਪੀ ਵਿੱਚ ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ੀਆ-ਉਰ-ਰਹਿਮਾਨ ਬਰਕ ਨੇ ਅੱਜ ਕੇਂਦਰ ਸਰਕਾਰ ਨੂੰ ਸਵਾਲ ਕੀਤਾ, ‘‘ਜੇਕਰ ਤੁਸੀਂ ਗੁਆਂਢੀ ਮੁਲਕ ਨਾਲ ਜੰਗ ਦਾ ਦਾਅਵਾ ਕਰਦੇ ਹੋ ਤਾਂ ਉਸ ਨਾਲ ਮੈਚ ਕਿਉਂ ਖੇਡ ਰਹੇ ਹੋ।’’ -ਪੀਟੀਆਈ