ਡੱਬਵਾਲੀ-ਅਬੋਹਰ ਕੌਮੀ ਸ਼ਾਹਰਾਹ 'ਤੇ ਟਰੱਕ ਟਰਾਲੇ ਤੇ ਪਿਕਅੱਪ ਵਿਚਕਾਰ ਟੱਕਰ, ਇੱਕ ਗੰਭੀਰ ਜ਼ਖ਼ਮੀ
ਡੱਬਵਾਲੀ-ਅਬੋਹਰ ਕੌਮੀ ਸ਼ਾਹਰਾਹ 354ਈ ’ਤੇ ਅੱਜ ਸਵੇਰੇ ਪਿੰਡ ਹਾਕੂਵਾਲਾ ਨੇੜੇ ਟਰੱਕ-ਟਰਾਲੇ ਅਤੇ ਪਿਕਅਪ ਵਿਚ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਪਿਕਅਪ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਸ਼ਿਵਮ ਵਾਸੀ ਸਲੇਮਾਬਾਦ (ਮਥੁਰਾ), ਉੱਤਰ ਪ੍ਰਦੇਸ਼ ਵਜੋਂ ਦੱਸੀ ਗਈ ਹੈ। ਸੜਕ ਸੁਰੱਖਿਆ ਫੋਰਸ ਵੱਲੋਂ ਉਸ ਨੂੰ ਫੌਰੀ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਨਮਕ ਦੇ ਗੱਟਿਆਂ ਨਾਲ ਭਰਿਆ ਟਰੱਕ-ਟਰਾਲਾ ਅਬੋਹਰ ਤੋਂ ਡੱਬਵਾਲੀ ਵੱਲ ਆ ਰਿਹਾ ਸੀ, ਜਦਕਿ ਪਿਕਅਪ ਗੱਡੀ ਡੱਬਵਾਲੀ ਵਾਲੇ ਪਾਸਿਉਂ ਬਿਲਾਸਪੁਰ ਤੋਂ ਪਾਰਸਲਾਂ ਨੂੰ ਸ੍ਰੀ ਗੰਗਾਨਗਰ ਲਿਜਾ ਰਹੀ ਸੀ। ਪਿੰਡ ਹਾਕੂਵਾਲਾ ਨੇੜੇ ਦੋਵੇਂ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ।
ਹਾਦਸੇ ਵਿੱਚ ਪਿਕਅਪ ਅਤੇ ਟਰੱਕ-ਟਰਾਲਾ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰੱਕ-ਟਰਾਲਾ ਬੇਕਾਬੂ ਹੋ ਕੇ ਸੜਕ ਲਾਗਲੇ ਖਤਾਨਾਂ ਵਿਚ ਪਲਟ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸੋਮਪ੍ਰਕਾਸ਼ ਤੁਰੰਤ ਅਮਲੇ ਸਮੇਤ ਮੌਕੇ ’ਤੇ ਪਹੁੰਚੇ। ਜ਼ਖਮੀ ਸ਼ਿਵਮ ਨੂੰ ਹਾਦਸਾਗ੍ਰਸਤ ਪਿਕਅੱਪ ਵਿੱਚੋਂ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਗੰਭੀਰ ਜ਼ਖ਼ਮੀ ਹਾਲਤ ਤੁਰੰਤ ਸਿਵਲ ਹਸਪਤਾਲ ਡੱਬਵਾਲੀ ਲਿਜਾਇਆ ਗਿਆ।
