ਸੜਕ ਹਾਦਸਿਆਂ ’ਚ ਇੱਕ ਹਲਾਕ, ਪੰਜ ਫੱਟੜ
ਜ਼ਿਲ੍ਹੇ ਵਿੱਚ ਚਾਰ ਸੜਕ ਹਾਦਸਿਆਂ ’ਚ ਇੱਕ ਵਿਅਕਤੀ ਹਲਾਕ ਹੋਇਆ ਹੈ, ਜਦੋਂ ਕਿ ਪੰਜ ਜਣੇ ਫੱਟੜ ਹੋ ਗਏ। ਪੁਲੀਸ ਨੇ ਇਨ੍ਹਾਂ ਚਾਰੇ ਸੜਕ ਹਾਦਸਿਆਂ ਵਿੱਚ ਲਾਪਰਵਾਹੀ ਨਾਲ ਵਾਹਨ ਚਲਾਉਣ ’ਤੇ ਦੁਰਘਟਨਾ ਕਰਨ ਦੇ ਮਾਮਲੇ ਦਰਜ ਕੀਤੇ ਹਨ।
ਪਿਛਲੀ ਰਾਤ ਜੀਂਦ-ਨਰਵਾਣਾ ਹਾਈਵੇ ਉੱਤੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਦਰੋਲੀਖੇੜਾ ਨਿਵਾਸੀ ਚਰਨ ਸਿੰਘ ਨੇ ਦੱਸਿਆ ਕਿ ਦੇਰ ਰਾਤ ਡੁਮਰਖਾਂ ਕਲਾਂ ਪਿੰਡ ਕੋਲ ਇੱਕ ਗੱਡੀ ਚਾਲਕ ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਭਰਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਮਾਮਲੇ ਦੇ ਸਬੰਧ ਵਿੱਚ ਨਰਵਾਣਾ ਸਦਰ ਥਾਣਾ ਪੁਲੀਸ ਨੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸੁਰੂ ਕਰ ਦਿੱਤੀ ਹੈ।
ਉੱਧਰ ਨਰਵਾਣਾ ਦੇ ਆਜ਼ਾਦ ਨਗਰ ਵਿੱਚ ਮੋਟਰ ਸਾਈਕਲ ਸਵਾਰ ਨੇ ਦੋ ਨੂੰ ਟੱਕਰ ਮਾਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਪਿੰਡ ਇਸਮਾਈਲਪੁਰ ਨਿਵਾਸੀ ਰੇਣੂ ਦੀ ਸ਼ਿਕਾਇਤ ਉੱਤੇ ਨਰਵਾਣਾ ਸਿਟੀ ਪੁਲੀਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਤਫਤੀਸ਼ ਸੁਰੂ ਕਰ ਦਿੱਤੀ ਹੈ। ਇੱਕ ਹੋਰ ਘਟਨਾ ਵਿੱਚ ਜੀਂਦ ਸ਼ਹਿਰ ਦੇ ਭਿਵਾਨੀ ਰੋਡ ਉੱਤੇ ਓਵਰਬ੍ਰਿਜ ਦੇ ਹੇਠਾਂ ਕਾਰ ਚਾਲਕ ਨੇ ਮੋਟਰ ਸਾਈਕਲ ਸਵਾਰ ਨੂੰ ਟੱਕਰ ਮਾਰਕੇ ਜਖ਼ਮੀ ਕਰ ਦਿੱਤਾ। ਇਸੇ ਤਰ੍ਹਾਂ ਚੌਥੀ ਘਟਨਾ ਸਫ਼ੀਦੋਂ ਸਦਰ ਥਾਣਾ ਇਲਾਕੇ ਦੀ ਹੈ। ਉੱਥੇ ਪਿੰਡ ਸਹਾਨਪੁਰ ਦੇ ਕੋਲ ਟ੍ਰੈਕਟਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਦੋ ਵਿਅਕਤੀ ਫੱਟੜ ਹੋ ਗਏ।