ਮੁਕਾਰਬਪੁਰ ਵਿੱਚ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ 65 ਤੱਕ ਪਹੁੰਚੀ
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੁਕਾਰਬਪੁਰ ਵਿੱਚ ਸਿਹਤ ਵਿਭਾਗ ਦੀ ਟੀਮ ਡਾਇਰੀਆ ਦੇ ਕੇਸਾਂ ਦੀ ਜਾਂਚ ਕਰ ਰਹੀ ਹੈ । ਡਾ. ਵਾਗੀਸ਼ ਗੁਟਾਨ ਜ਼ਿਲ੍ਹਾ ਨਿਗਰਾਨੀ ਇੰਚਾਰਜ, ਸੀਐੱਚਸੀ ਇੰਚਾਰਜ ਛਛਰੌਲੀ, ਦਿਨੇਸ਼ ਸ਼ਰਮਾ ਐਪੀਡੀਮੋਲੋਜਿਸਟ, ਡਾ. ਮੋਨਿਕਾ ਸੀਐੱਚਓ, ਅਵਤਾਰ ਸਿੰਘ ਐੱਮਪੀਡਬਲਿਊਐੱਚਓ, ਐੱਮਪੀ ਮਮਤੇਸ਼, ਏਐੱਨਐੱਮ ਸਰੋਜ, ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਦੌਰਾਨ ਪਿੰਡ ਮੁਕਾਰਬਪੁਰ ਦੇ 297 ਘਰਾਂ ਦਾ ਸਰਵੇ ਕੀਤਾ ਗਿਆ, ਜਿਸ ਵਿੱਚ ਡਾਇਰੀਆ ਦੇ 65 ਕੇਸ ਪਾਏ ਗਏ, ਜਿਨ੍ਹਾਂ ਵਿੱਚੋਂ 8 ਮਰੀਜ਼ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹਨ । 16 ਪਾਣੀ ਦੇ ਨਮੂਨੇ ਲਏ ਗਏ ਹਨ ਅਤੇ ਬੈਕਟੀਰੀਆ ਸੰਬੰਧੀ ਜਾਂਚ ਲਈ ਡੀਪੀਐੱਚਐੱਲ ਲੈਬ ਯਮੁਨਾਨਗਰ ਵਿੱਚ ਭੇਜੇ ਗਏ ਹਨ। ਸਿਵਲ ਸਰਜਨ ਯਮੁਨਾਨਗਰ ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਸਿਹਤ ਦੁਆਰਾ ਸਪਲਾਈ ਕੀਤਾ ਜਾਂਦਾ ਉਬਾਲਿਆ ਹੋਇਆ ਪਾਣੀ ਪੀਣ ਅਤੇ ਬਾਸੀ ਭੋਜਨ ਨਾ ਖਾਣ, ਸਫਾਈ ਦਾ ਧਿਆਨ ਰੱਖਣ, ਖਾਣ ਤੋਂ ਪਹਿਲਾਂ ਅਤੇ ਮਲ ਤਿਆਗਣ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣ। ਡਾ. ਵਾਗੀਸ਼ ਗੁਟਨ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਨੇ ਕਿਹਾ ਕਿ ਪਿੰਡ ਵਿੱਚ ਦੋ ਥਾਵਾਂ ’ਤੇ ਪਾਣੀ ਦੀ ਲੀਕੇਜ ਪਾਈ ਗਈ ਹੈ ਅਤੇ ਪਾਣੀ ਦੇ 22 ਓਟੀ ਟੈਸਟ ਕੀਤੇ ਗਏ ਹਨ ਜੋ ਕਿ ਅਯੋਗ ਪਾਏ ਗਏ ਹਨ।