ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਆਧ ’ਚ ਲੱਗੀ ਝੜੀ ਕਾਰਨ ਜਨ-ਜੀਵਨ ਪ੍ਰਭਾਵਿਤ

ਚੰਡੀਗਡ਼੍ਹ, ਮੁਹਾਲੀ, ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ’ਚ ਭਰਵਾਂ ਮੀਂਹ
ਸ੍ਰੀ ਆਨੰਦਪੁਰ ਸਾਹਿਬ ਦੇ ਕਚਹਿਰੀ ਰੋਡ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਰਾਹਗੀਰ।।
Advertisement

ਚੰਡੀਗੜ੍ਹ, ਮੁਹਾਲੀ, ਸ੍ਰੀ ਆਨੰਦਪੁਰ ਸਾਹਿਬ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚੰਡੀਗੜ੍ਹ ਵਿੱਚ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਜਲ-ਥਲ ਕਰ ਦਿੱਤੀਆਂ। ਲੋਕਾਂ ਨੂੰ ਸਵੇਰ ਸਮੇਂ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸਵੇਰੇ ਨੌਕਰੀ ’ਤੇ ਜਾਉਣ ਵਾਲੇ ਲੋਕਾਂ ਦੇ ਵਾਹਨ ਸੜਕਾਂ ’ਤੇ ਖੜ੍ਹੇ ਪਾਣੀ ’ਚ ਬੰਦ ਹੋ ਗਏ। ਇਸ ਤੋਂ ਇਲਾਵਾ ਵਧੇਰੇ ਥਾਵਾਂ ’ਤੇ ਟੁੱਟੀਆਂ ਸੜਕਾਂ ਕਰਕੇ ਵੀ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਮੀਂਹ ਤੋਂ ਬਾਅਦ ਸ਼ਹਿਰ ਦਾ ਮੌਸਮ ਖੁਸ਼ਗਵਾਰ ਹੋ ਗਿਆ ਹੈ। ਅੱਜ ਸ਼ਹਿਰ ਦਾ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 39.6 ਐੱਮਐੱਮ ਮੀਂਹ ਪਿਆ ਹੈ। ਮੀਂਹ ਤੋਂ ਬਾਅਦ ਅੱਜ ਸਾਰਾ ਦਿਨ ਸ਼ਹਿਰ ਵਿੱਚ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ ਹਨ। ਦੂਜੇ ਪਾਸੇ ਮੀਂਹ ਪੈਣ ਦੇ ਨਾਲ ਹੀ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੀ ਰਾਹਤ ਮਿਲ ਗਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 2.8 ਡਿਗਰੀ ਸੈਲਸੀਅਸ ਤੱਕ ਘੱਟ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 2.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਸ਼ਹਿਰ ਵਿੱਚ ਅਗਲੇ 5 ਦਿਨ 1 ਤੋਂ 5 ਅਗਸਤ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਪਿੰਡ ਲੋਅਰ ਝਿੰਜੜੀ ਦੇ ਇੱਕ ਘਰ ਵਿੱਚ ਦਾਖ਼ਲ ਹੋਇਆ ਮੀਂਹ ਦਾ ਪਾਣੀ

ਸ੍ਰੀ ਆਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ (ਬੀਐੱਸ ਚਾਨਾ): ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਬਾਅਦ ਦੁਪਹਿਰ ਤਕਰੀਬਨ ਇੱਕ ਘੰਟਾ ਪਏ ਭਰਵੇਂ ਮੀਂਹ ਕਾਰਨ ਦੋਵੇਂ ਸ਼ਹਿਰਾਂ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ। ਸ੍ਰੀ ਆਨੰਦਪੁਰ ਸਾਹਿਬ ਦੀ ਕਲਗੀਧਰ ਮਾਰਕੀਟ, ਕਚਹਿਰੀ ਰੋਡ ਤੇ ਪੁੱਡਾ ਮਾਰਕੀਟ ਵਿੱਚ ਵੱਡੀ ਮਾਤਰਾ ’ਚ ਪਾਣੀ ਖੜਾ ਹੋ ਗਿਆ ਤੇ ਪਾਣੀ ਦੀ ਨਿਕਾਸੀ ਨੂੰ ਕਾਫੀ ਸਮਾਂ ਲੱਗਾ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਪਿੰਡ ਲੋਅਰ ਝਿੰਜੜੀ ਦੇ ਕੁਝ ਘਰਾਂ ’ਚ ਮੀਂਹ ਦਾ ਪਾਣੀ ਵੜ ਗਿਆ ਜਿਸ ਕਾਰਨ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ’ਤੇ ਦਰਬਾਰ ਬਾਬਾ ਬੁੱਢਣ ਸ਼ਾਹ ਨੇੜੇ ਪੁਰਾਣੇ ਪੁਲ ’ਤੇ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕੁਝ ਗੱਡੀਆਂ ਇਸ ਪਾਣੀ ਵਿੱਚ ਫਸ ਗਈਆਂ।

Advertisement

ਰੇਲਵੇ ਪੁਲ ਥੱਲੇ ਖੜ੍ਹਦੇ ਪਾਣੀ ਤੋਂ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ

ਪਿੰਡ ਮੌਜਪੁਰ ਨੇੜੇ ਰੇਲਵੇ ਲਾਈਨ ਦੇ ਪੁਲ ਥੱਲੇ ਖੜ੍ਹਾ ਮੀਂਹ ਦਾ ਪਾਣੀ।

ਐੱਸਏਐੱਸ ਨਗਰ(ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਪਿੰਡ ਭਾਗੋਮਾਜਰਾ ਤੋਂ ਮੌਜਪੁਰ, ਭਾਰਤਪੁਰ, ਚਡਿਆਲਾ ਸੂਦਾਂ, ਪੱਤੜਾਂ ਆਦਿ ਨੂੰ ਜਾਂਦੀ ਸੜਕ ਦੀ ਖ਼ਰਾਬ ਹਾਲਤ ਤੋਂ ਦਰਜਨਾਂ ਪਿੰਡਾਂ ਦੇ ਵਸਨੀਕ ਪ੍ਰੇਸ਼ਾਨ ਹਨ। ਪਿੰਡ ਮੌਜਪੁਰ ਨੇੜਿਓਂ ਲੰਘਦੀ ਰੇਲਵੇ ਲਾਈਨ ਦੇ ਪੁਲ ਥੱਲੇ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਦੋ ਤੋਂ ਢਾਈ ਫੁੱਟ ਪਾਣੀ ਖੜ੍ਹ ਜਾਂਦਾ ਹੈ। ਪਿੰਡ ਚੁਡਿਆਲਾ ਦੇ ਗਿਆਨੀ ਅਵਤਾਰ ਸਿੰਘ, ਭਰਤਪੁਰ ਦੇ ਅਮਰਾਉ ਸਿੰਘ, ਮੌਜਪੁਰ ਦੇ ਹਰਿੰਦਰ ਸਿੰਘ ਅਤੇ ਗਿੱਦੜਪੁਰ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੜਕ ਦਰਜਨਾਂ ਪਿੰਡਾਂ ਨੂੰ ਮੁਹਾਲੀ, ਚੰਡੀਗੜ੍ਹ ਅਤੇ ਖਰੜ ਨਾਲ ਜੋੜਦੀ ਹੈ। ਇਸ ਸੜਕ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲ ਥੱਲੇ ਪਾਣੀ ਭਰ ਜਾਂਦਾ ਹੈ ਅਤੇ ਆਲੇ-ਦੁਆਲੇ ਵੀ ਡੂੰਘੇ ਟੋਏ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਬਣ ਰਹੇ ਕੌਮੀ ਮਾਰਗਾਂ ਕਾਰਨ ਪਾਈ ਜਾ ਰਹੀ ਮਿੱਟੀ ਵਾਲੇ ਓਵਰਲੋਡ ਟਿੱਪਰਾਂ ਨੇ ਇਨ੍ਹਾਂ ਸੜਕਾਂ ਦੀ ਹਾਲਤ ਹੋਰ ਵੀ ਖ਼ਰਾਬ ਕਰ ਦਿੱਤੀ ਹੈ ਜਿਸ ਕਾਰਨ ਇੱਥੋਂ ਲੰਘਦੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਇਹ ਸੜਕ ਦੀ ਹਾਲਤ ਸੁਧਾਰੀ ਜਾਵੇ। ਇਸੇ ਤਰ੍ਹਾਂ ਰਾਏਪੁਰ ਕਲਾਂ ਤੋਂ ਸ਼ਾਮਪੁਰ ਨੂੰ ਜਾਂਦੀ ਸੜਕ ਉੱਤੇ ਰੇਲਵੇ ਲਾਈਨ ਥੱਲੇ ਬਣਾਏ ਅੰਡਰ ਪਾਸ ਵਿੱਚ ਵੀ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਪਾਣੀ ਭਰ ਜਾਂਦਾ ਹੈ। ਇਸ ਕਾਰਨ ਸ਼ਾਮਪੁਰ ਦੇ ਵਸਨੀਕਾਂ ਨੂੰ ਦਿੱਕਤ ਆਉਂਦੀ ਹੈ। ਇੰਜਣ ਨਾਲ ਪਾਣੀ ਕੱਢਣ ਮਗਰੋਂ ਹੀ ਰਸਤਾ ਚਾਲੂ ਹੁੰਦਾ ਹੈ। ਲੋਕਾਂ ਨੇ ਇਸ ਦਿੱਕਤ ਦਾ ਸਥਾਈ ਹੱਲ ਕੱਢਣ ਦੀ ਮੰਗ ਕੀਤੀ ਹੈ।

ਡਾਂਗਰੀ ਪੁਲ ਬੰਦ ਹੋਣ ਕਾਰਨ ਕਿਸਾਨ ਔਖੇ

ਪੰਚਕੂਲਾ (ਪੀਪੀ ਵਰਮਾ): ਬਰਵਾਲਾ-ਰਾਏਪੁਰ ਰਾਣੀ ਸੜਕ ’ਤੇ ਡਾਂਗਰੀ ਪੁਲ ਦਾ ਬੰਦ ਹੋਣ ਇਲਾਕੇ ਦੇ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਪੁਲ ਦੇ ਬੰਦ ਹੋਣ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਪਹੁੰਚਣ ਲਈ ਕਈ ਕਿਲੋਮੀਟਰ ਦਾ ਲੰਮਾ ਚੱਕਰ ਲਗਾਉਣਾ ਪੈਂਦਾ ਹੈ। ਇਸ ਨਾਲ ਸਮਾਂ, ਤੇਲ ਅਤੇ ਮਜ਼ਦੂਰੀ ਦੀ ਬਰਬਾਦੀ ਹੋ ਰਹੀ ਹੈ।ਸਥਾਨਕ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਉਹ ਇਸ ਪੁਲ ਰਾਹੀਂ ਸਿੱਧੇ ਆਪਣੇ ਖੇਤਾਂ ਤੱਕ ਪਹੁੰਚਦੇ ਸਨ, ਪਰ ਹੁਣ ਉਨ੍ਹਾਂ ਨੂੰ ਬਰਵਾਲਾ ਰਾਹੀਂ ਖੇਤਾਂ ਵਿੱਚ ਜਾਣਾ ਪੈਂਦਾ ਹੈ। ਕਿਸਾਨ ਆਗੂ ਅਜੇ ਰਾਜਪੂਤ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਮਹਿੰਗਾਈ ਅਤੇ ਮੌਸਮ ਤੋਂ ਪ੍ਰੇਸ਼ਾਨ ਹੈ। ਇਸ ਤੋਂ ਇਲਾਵਾ ਅਜਿਹੀਆਂ ਬੁਨਿਆਦੀ ਸਮੱਸਿਆਵਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਲ ਬਣਾ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦੀ ਮੰਗ ਹੈ ਕਿ ਡਾਂਗਰੀ ਪੁਲ ਦੀ ਜਲਦੀ ਮੁਰੰਮਤ ਕੀਤੀ ਜਾਵੇ ਅਤੇ ਦੁਬਾਰਾ ਖੋਲ੍ਹਿਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

 

Advertisement