ਕਿਸਾਨ ਹਿੱਤਾਂ ਨਾਲ ਸਮਝੌਤਾ ਨਹੀਂ, ਕੀਮਤ ਚੁਕਾਉਣ ਲਈ ਤਿਆਰ: ਮੋਦੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਖ਼ਿਲਾਫ਼ ਟੈਰਿਫ ਵਧਾ ਕੇ 50 ਫ਼ੀਸਦੀ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਨੂੰ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਰਤ ਕਦੇ ਵੀ ਕਿਸਾਨਾਂ, ਮਛੇਰਿਆਂ ਤੇ ਡੇਅਰੀ ਸੈਕਟਰ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਜੇ ਲੋੜ ਪਈ ਤਾਂ ਉਹ ਇਸ ਲਈ ਭਾਰੀ ਨਿੱਜੀ ਕੀਮਤ ਚੁਕਾਉਣ ਲਈ ਵੀ ਤਿਆਰ ਹਨ। ਅਮਰੀਕਾ ਵੱਲੋਂ ਭਾਰਤ ’ਚ ਖੇਤੀਬਾੜੀ ਤੇ ਡੇਅਰੀ ਖੇਤਰਾਂ ’ਚ ਵੱਧ ਤੋਂ ਵੱਧ ਪਹੁੰਚ ਦੇਣ ਦੀ ਮੰਗ ਕਰਨ ’ਤੇ ਇਹ ਸਮਝੌਤਾ ਸਿਰੇ ਨਹੀਂ ਚੜ੍ਹਿਆ।
ਪ੍ਰਧਾਨ ਮੰਤਰੀ ਇੱਥੇ ਖੇਤੀ ਵਿਗਿਆਨੀ ਤੇ ਭਾਰਤ ’ਚ ਹਰੀ ਕ੍ਰਾਂਤੀ ਦੇ ਮੋਢੀ ਐੱਮਐੱਸ ਸਵਾਮੀਨਾਥਨ ਦੀ ਜਨਮ ਸ਼ਤਾਬਦੀ ਮਨਾਉਣ ਲਈ ਕਰਵਾਈ ਆਲਮੀ ਕਾਨਫਰੰਸ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘ਮੈਂ ਜਾਣਦਾ ਹਾਂ ਕਿ ਮੈਨੂੰ ਨਿੱਜੀ ਤੌਰ ’ਤੇ ਇਸ ਲਈ ਭਾਰੀ ਕੀਮਤ ਚੁਕਾਉਣੀ ਪਏਗੀ ਪਰ ਮੈਂ ਇਸ ਲਈ ਤਿਆਰ ਹਾਂ।’ ਇਸ ਮੌਕੇ ਉਨ੍ਹਾਂ ਸ੍ਰੀ ਸਵਾਮੀਨਾਥਨ ਦੀ ਯਾਦ ’ਚ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ।
ਇਸ ਮੌਕੇ ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਜਿਵੇਂ ਪੀਐੱਮ-ਕਿਸਾਨ, ਪੀਐੱਮ ਫ਼ਸਲ ਬੀਮਾ ਯੋਜਨਾ, ਪੀਐੱਮ ਕ੍ਰਿਸ਼ੀ ਸਿੰਜਾਈ ਯੋਜਨਾ, ਪੀਐੱਮ ਕਿਸਾਨ ਸੰਪਦਾ ਯੋਜਨਾ, 10,000 ਐੱਫਪੀਓਜ਼ ਕਾਇਮ ਕਰਨ ਅਤੇ ਪੀਐੱਮ ਧਨ ਧਾਨਿਆ ਯੋਜਨਾ ਬਾਰੇ ਚਰਚਾ ਕੀਤੀ। ਇਸ ਮੌਕੇ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ, ਐੱਮ ਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਚੇਅਰਪਰਸਨ ਸੌਮਿਆ ਸਵਾਮੀਨਾਥਨ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।-ਪੀਟੀਆਈ
ਫ਼ਸਲੀ ਵਿਭਿੰਨਤਾ ਤੇ ਖੇਤੀਬਾੜੀ ’ਚ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਪੋਸ਼ਣ ਸੁਰੱਖਿਆ, ਫ਼ਸਲੀ ਵਿਭਿੰਨਤਾ, ਜਲਵਾਯੂ ਅਨੁਕੂਲ ਫ਼ਸਲਾਂ ਦੀਆਂ ਕਿਸਮਾਂ ਤੇ ਖੇਤੀਬਾੜੀ ’ਚ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੱਤਾ। ਉਨ੍ਹਾਂ ਸੋਕੇ, ਹੜ੍ਹਾਂ ਅਤੇ ਗਰਮੀ ਦੀ ਮਾਰ ਝੱਲ ਸਕਣ ਵਾਲੀਆਂ ਫ਼ਸਲਾਂ ਦੇ ਨਾਲ-ਨਾਲ ਖੇਤੀਬਾੜੀ ਪ੍ਰਣਾਲੀਆਂ ’ਚ ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਲਈ ਆਖਿਆ। ਪ੍ਰਧਾਨ ਮੰਤਰੀ ਨੇ ਫ਼ਸਲੀ ਵਿਭਿੰਨਤਾ ਤੇ ਮਿੱਟੀ ਦੀ ਕਿਸਮ ਮੁਤਾਬਕ ਫ਼ਸਲ ਬੀਜਣ ਸਬੰਧੀ ਖੋਜ ’ਤੇ ਜ਼ੋਰ ਦਿੰਦਿਆਂ ਇਸ ਲਈ ਲੋੜੀਂਦੇ ਤੇ ਕਿਫ਼ਾਇਤੀ ਕੀਮਤਾਂ ’ਤੇ ਉਪਕਰਨ ਤੇ ਤਕਨੀਕਾਂ ਉਪਲਬਧ ਕਰਵਾਉਣ ਦੀ ਵਕਾਲਤ ਕੀਤੀ। ਉਨ੍ਹਾਂ ਸੂਰਜੀ ਊਰਜਾ ਦੀ ਵਰਤੋਂ ਰਾਹੀਂ ਮਾਈਕਰੋ ਸਿੰਜਾਈ ਪ੍ਰਣਾਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਡਰਿੱਪ ਸਿੰਜਾਈ ਪ੍ਰਣਾਲੀ ਦੀ ਵਰਤੋਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਭਾਰਤ ਸਮੇਤ ਹੋਰ ਮੁਲਕਾਂ ’ਤੇ ਨਵੇਂ ਟੈਰਿਫ ਲਾਗੂ
ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਵੱਲੋਂ ਭਾਰਤ ਸਮੇਤ ਹੋਰ ਮੁਲਕਾਂ ਦੀਆਂ ਵਸਤਾਂ ਦੀ ਦਰਾਮਦ ’ਤੇ ਐਲਾਨਿਆ ਸ਼ੁਰੂਆਤੀ 25 ਫ਼ੀਸਦ ਟੈਰਿਫ ਅੱਜ ਤੋਂ ਲਾਗੂ ਹੋ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਲਾਹਾ ਲੈਣ ਵਾਲੇ ਮੁਲਕਾਂ ਤੋਂ ਅਰਬਾਂ ਡਾਲਰ ਹੁਣ ਦੇਸ਼ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਰੂਸੀ ਤੇਲ ਖ਼ਰੀਦਣ ਕਾਰਨ ਭਾਰਤ ’ਤੇ ਜੁਰਮਾਨੇ ਵਜੋਂ 25 ਫ਼ੀਸਦ ਵਾਧੂ ਟੈਰਿਫ ਦਾ ਬੁੱਧਵਾਰ ਨੂੰ ਐਲਾਨ ਕੀਤਾ ਹੈ, ਜਿਸ ਨਾਲ ਭਾਰਤੀ ਵਸਤਾਂ ’ਤੇ ਕੁੱਲ 50 ਫ਼ੀਸਦ ਟੈਰਿਫ ਵਸੂਲਿਆ ਜਾਵੇਗਾ। ਜੁਰਮਾਨੇ ਵਜੋਂ ਲਾਇਆ 25 ਫ਼ੀਸਦ ਟੈਰਿਫ 21 ਦਿਨਾਂ ਬਾਅਦ ਲਾਗੂ ਹੋਵੇਗਾ। ਅਮਰੀਕਾ ਨੇ ਭਾਰਤ ’ਤੇ ਸਭ ਤੋਂ ਵੱਧ ਟੈਰਿਫ ਲਗਾਇਆ ਹੈ। ਜਿਵੇਂ ਹੀ ਰਾਤ ਦੇ 12 ਵੱਜੇ ਤਾਂ ਟਰੰਪ ਨੇ ਟਰੁੱਥ ਸੋਸ਼ਲ ’ਤੇ ਪੋਸਟ ਵਿੱਚ ਕਿਹਾ, “ਅੱਧੀ ਰਾਤ ਹੋ ਗਈ ਹੈ!!! ਅਰਬਾਂ ਡਾਲਰਾਂ ਦੇ ਟੈਰਿਫ ਹੁਣ ਅਮਰੀਕਾ ਵਿੱਚ ਆ ਰਹੇ ਹਨ।” ਇੱਕ ਹੋਰ ਪੋਸਟ ਵਿੱਚ ਟਰੰਪ ਨੇ ਕਿਹਾ, ‘‘ਅੱਜ ਅੱਧੀ ਰਾਤ ਤੋਂ ਜਵਾਬੀ ਟੈਰਿਫ ਲਾਗੂ ਹੋ ਗਏ ਹਨ। ਅਰਬਾਂ ਡਾਲਰ, ਇਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ ਦੇਸ਼ਾਂ ਤੋਂ ਹਨ ਜਿਨ੍ਹਾਂ ਨੇ ਕਈ ਸਾਲਾਂ ਤੋਂ ਅਮਰੀਕਾ ਦਾ ਫ਼ਾਇਦਾ ਉਠਾਇਆ ਹੈ, ਹੁਣ ਅਮਰੀਕਾ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਸਿਰਫ਼ ਕੱਟੜਪੰਥੀ ਖੱਬੇ-ਪੱਖੀ ਅਦਾਲਤ ਹੀ ਅਮਰੀਕਾ ਦੀ ਮਹਾਨਤਾ ਨੂੰ ਰੋਕ ਸਕਦੀ ਹੈ, ਜੋ ਸਾਡੇ ਦੇਸ਼ ਨੂੰ ਨਾਕਾਮ ਹੁੰਦੇ ਦੇਖਣਾ ਚਾਹੁੰਦੀ ਹੈ।” ਪਿਛਲੇ ਹਫ਼ਤੇ ਵ੍ਹਾਈਟ ਹਾਊਸ ਨੇ ਐਲਾਨ ਕੀਤਾ ਸੀ ਕਿ ਭਾਰਤੀ ਵਸਤਾਂ ਦੀ ਦਰਾਮਦ ’ਤੇ 25 ਫ਼ੀਸਦ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਭਾਰਤ ਸਮੇਤ ਕਰੀਬ 70 ਮੁਲਕਾਂ ’ਤੇ ਵਾਧੂ ਟੈਰਿਫ ਦਰਾਂ ਦੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਸਨ। ਮੁਲਕਾਂ ’ਤੇ 10 ਤੋਂ 40 ਫ਼ੀਸਦ ਤੱਕ ਟੈਰਿਫ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। ਜਪਾਨ ’ਤੇ 15 ਫ਼ੀਸਦ, ਲਾਓਸ ਤੇ ਮਿਆਂਮਾਰ ’ਤੇ 40 ਫ਼ੀਸਦ, ਪਾਕਿਸਤਾਨ ’ਤੇ 19 ਫ਼ੀਸਦ, ਸ੍ਰੀਲੰਕਾ ’ਤੇ 20 ਫ਼ੀਸਦ ਅਤੇ ਇੰਗਲੈਂਡ ’ਤੇ 10 ਫ਼ੀਸਦ ਟੈਰਿਫ ਲਗਾਇਆ ਗਿਆ ਹੈ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਸਾਬਕਾ ਸਲਾਹਕਾਰ ਅਤੇ ਭਾਰਤੀ-ਅਮਰੀਕੀਆਂ ਦੇ ਆਗੂ ਅਜੈ ਭੁਟੋਰੀਆ ਨੇ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾਉਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਰਿਫ ਵਧਾਉਣ ਕਾਰਨ ਦਵਾਈਆਂ, ਮਸਾਲੇ, ਕੱਪੜੇ, ਜੁੱਤੀਆਂ ਅਤੇ ਹੋਰ ਵਸਤਾਂ ਮਹਿੰਗੀਆਂ ਹੋ ਜਾਣਗੀਆਂ, ਜਿਨ੍ਹਾਂ ਦਾ ਅਸਰ ਲੋਕਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਚੀਨ ਨੂੰ ਟੈਰਿਫਾਂ ’ਚ 90 ਦਿਨ ਦੀ ਮੋਹਲਤ ਦੇਣ ਨਾਲ ਟਰੰਪ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ। -ਪੀਟੀਆਈ
ਅਮਰੀਕਾ ਦਾ ਫ਼ੈਸਲਾ ਇਕਪਾਸੜ: ਭਾਰਤ
ਮੁੰਬਈ: ਵਿਦੇਸ਼ ਮੰਤਰਾਲੇ ’ਚ ਆਰਥਿਕ ਸਬੰਧਾਂ ਦੇ ਸਕੱਤਰ ਦਾਮੂ ਰਵੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾਉਣ ਦਾ ਇਕਪਾਸੜ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਬਾਵਜੂਦ ਅਮਰੀਕਾ ਅਤੇ ਭਾਰਤ ਵਿਚਾਲੇ ਵਾਰਤਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਟੈਰਿਫ ਲਗਾਏ ਗਏ ਹਨ, ਉਨ੍ਹਾਂ ਪਿੱਛੇ ਕੋਈ ਤਰਕ ਦਿਖਾਈ ਨਹੀਂ ਦਿੰਦੇ ਹਨ। ਰਵੀ ਨੇ ਦਾਅਵਾ ਕੀਤਾ ਕਿ ਵੱਧ ਟੈਰਿਫ ਨਾਲ ਭਾਰਤੀ ਸਨਅਤ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। -ਪੀਟੀਆਈ
ਹੋਰ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ: ਟਰੰਪ
ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ, ਰੂਸ ਤੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਚੀਨ ਦੇ ‘ਬਹੁਤ ਕਰੀਬ’ ਹੈ ਅਤੇ ਉਸ ਨੂੰ 50 ਫ਼ੀਸਦ ਟੈਰਿਫ ਦੇਣਾ ਹੋਵੇਗਾ। ਟਰੰਪ ਨੇ ਇਸ਼ਾਰਾ ਕੀਤਾ ਕਿ ਹੋਰ ਵੀ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਟਰੰਪ ਨੇ ਕਿਹਾ, ‘‘ਅਸੀਂ ਤੇਲ ਨੂੰ ਲੈ ਕੇ ਭਾਰਤ ’ਤੇ 50 ਫ਼ੀਸਦ ਦਾ ਟੈਰਿਫ ਲਗਾਇਆ ਹੈ। ਉਹ ਦੂਜਾ ਸਭ ਤੋਂ ਵੱਡਾ ਖ਼ਰੀਦਦਾਰ ਹੈ ਅਤੇ ਰੂਸ ਤੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਚੀਨ ਦੇ ਬਹੁਤ ਕਰੀਬ ਹੈ।’’ -ਪੀਟੀਆਈ