ਹਰਿਆਣਾ ਦੇ ਡੀਜੀਪੀ ਓਪੀ ਸਿੰਘ ਵੱਲੋਂ ਰਾਤ ਨੂੰ ਗਸ਼ਤ
ਹਰਿਆਣਾ ਦੇ ਪੁਲੀਸ ਮੁਖੀ ਓ ਪੀ ਸਿੰਘ ਅੰਤਰ-ਜ਼ਿਲ੍ਹਾ ਚੌਕੀਆਂ, ਐਮਰਜੈਂਸੀ ਰਿਸਪਾਂਸ ਵਾਹਨਾਂ ਅਤੇ ਪੁਲੀਸ ਚੌਕੀਆਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਨ ਲਈ ਬੁੱਧਵਾਰ ਰਾਤ ਨੂੰ ਗਸ਼ਤ ’ਤੇ ਰਹੇ। X ’ਤੇ ਦੇਰ ਰਾਤ ਦੀ ਇੱਕ ਪੋਸਟ ਵਿੱਚ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਪੁਲੀਸ ਸੁਪਰਡੈਂਟਾਂ (SPs) ਅਤੇ ਪੁਲੀਸ ਕਮਿਸ਼ਨਰਾਂ (CPs) ਨੂੰ ਵੀ ਅਜਿਹਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡੀਜੀਪੀ ਨੇ ਪੋਸਟ ਵਿਚ ਕਿਹਾ, ‘‘ਮੈਂ ਅਗਲੇ ਚਾਰ ਘੰਟਿਆਂ ਲਈ ਰਾਤ ਦੀ ਗਸ਼ਤ ’ਤੇ ਹਾਂ। ਮੈਂ ‘112’ ਵਾਹਨ (ਐਮਰਜੈਂਸੀ ਰਿਸਪਾਂਸ ਵਾਹਨ), ਪੁਲੀਸ ਚੌਕੀਆਂ, ਪੁਲੀਸ ਸਟੇਸ਼ਨਾਂ ਅਤੇ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਚੌਕੀਆਂ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ, ਕੰਮ ਦੀ ਸਥਿਤੀ ਅਤੇ ਸਮੱਸਿਆਵਾਂ ਬਾਰੇ ਜਾਣਨਾ ਚਾਹੁੰਦਾ ਹਾਂ।’’
ਐਸਪੀਜ਼ ਅਤੇ ਸੀਪੀਜ਼ ਨੂੰ ਦਿੱਤੇ ਗਏ ਨਿਰਦੇਸ਼ਾਂ ਵਿਚ ਡੀਜੀਪੀ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਕੱਲ੍ਹ (ਵੀਰਵਾਰ) ਸਵੇਰੇ 11 ਵਜੇ ਤੱਕ 200 ਸ਼ਬਦਾਂ ਵਿੱਚ, ਉਨ੍ਹਾਂ ਵੱਲੋਂ ਦੇਖੀਆਂ ਗਈਆਂ ਕਮੀਆਂ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੂਚਿਤ ਕਰਨ ਲਈ ਕਿਹਾ ਹੈ।’’ X ’ਤੇ ਇੱਕ ਹੋਰ ਪੋਸਟ ਵਿੱਚ, ਡੀਜੀਪੀ ਨੇ ਦੱਸਿਆ ਕਿ ਇੱਕ ਪੁਲੀਸ ਕੰਟਰੋਲ ਰੂਮ (ਪੀਸੀਆਰ) ਵਾਹਨ ਲਾਲ ਬੱਤੀ ਵਾਲੀ ਡਿਊਟੀ ’ਤੇ ਅਲਰਟ ਪਾਇਆ ਗਿਆ ਸੀ ਪਰ ਕੋਈ ਵੀ ਬਾਹਰ ਨਿਗਰਾਨੀ ਲਈ ਨਹੀਂ ਖੜ੍ਹਾ ਸੀ।
ਉਨ੍ਹਾਂ ਲਿਖਿਆ, ‘‘35 ਮਿੰਟ ਦੀ ਯਾਤਰਾ। ਪੰਚਕੂਲਾ-ਯਮੁਨਾਨਗਰ ਸੜਕ ’ਤੇ 50 ਕਿਲੋਮੀਟਰ। ਇੱਕ ਪੀਸੀਆਰ ਵਾਹਨ ਲਾਲ ਬੱਤੀ ਵਾਲੀ ਡਿਊਟੀ ’ਤੇ ਅਲਰਟ ਪਾਇਆ ਗਿਆ ਪਰ ਕੋਈ ਵੀ ਬਾਹਰ ਨਿਗਰਾਨੀ ਲਈ ਨਜ਼ਰ ਨਹੀਂ ਆ ਰਿਹਾ ਸੀ। ਟੋਲ ਪਲਾਜ਼ਾ ਨੇੜੇ ਕੋਈ ਪੁਲੀਸ ਡਿਊਟੀ/ਵਾਹਨ ਨਹੀਂ ਦੇਖਿਆ ਗਿਆ।’’ ਉਨ੍ਹਾਂ ਉਸ ਥਾਂ ਨੂੰ ਟੈਗ ਕਰਦੇ ਹੋਏ ਪੋਸਟ ਵਿਚ ਕਿਹਾ, ‘‘ਇੱਥੇ ਟ੍ਰੈਫਿਕ ਡਾਇਵਰਸ਼ਨ (ਇੱਕ ਪਾਸੇ) ਹੈ ਪਰ ਡਾਇਵਰਸ਼ਨ ਵਾਲੇ ਸਥਾਨ ’ਤੇ ਕੋਈ ਦਿਖਾਈ ਦੇਣ ਵਾਲਾ ਸਾਈਨ/ਪੁਲੀਸ ਡਿਊਟੀ ਮੌਜੂਦ ਨਹੀਂ ਹੈ।’’