ਨਰਵਾਣਾ ਵਿੱਚ ਬਣੇਗਾ ਨਵਾਂ ਬੱਸ ਅੱਡਾ: ਸੈਣੀ
ਇੱਥੇ ਅੱਜ ਨਰਵਾਣਾ ਦੀ ਮੇਲਾ ਗਰਾਊਂਡ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਧੰਨਵਾਦ ਤੇ ਵਿਕਾਸ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਬਤੌਰ ਮੁੱਖ ਮਹਿਮਾਨ ਰੈਲੀ ਵਿੱਚ ਸ਼ਿਰਕਤ ਕੀਤੀ ਅਤੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਰੈਲੀ ਦੀ ਪ੍ਰਧਾਨਗੀ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ਨਰਵਾਣਾ ਦੀ 19 ਯੋਜਨਾਵਾਂ ਦਾ ਉਦਘਾਟਨ ਤੇ ਨੀਂਹ-ਪੱਥਰ ਰੱਖਿਆ, ਜਿਨ੍ਹਾਂ ਦੀ ਅਨੁਮਾਨਿਤ ਲਾਗਤ 206.25 ਕਰੋੜ ਰੁਪਏ ਹੈ। ਇਸ ਦੌਰਾਨ ਨਰਵਾਣਾ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਸੌਗਾਤ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਰਵਾਣਾ ਵਿੱਚ ਨਵੇਂ ਬੱਸ ਅੱਡੇ ਦਾ ਨਿਰਮਾਣ ਕੀਤਾ ਜਾਵੇਗਾ, ਨਾਗਰਿਕ ਹਸਪਤਾਲ ਨੂੰ ਅਪਗ੍ਰੇਡ ਕਰਕੇ 50 ਬੈੱਡ ਤੋਂ ਵਧਾਕੇ 100 ਬੈੱਡ ਤੱਕ ਕੀਤਾ ਜਾਵੇਗਾ। ਨਾਲ ਹੀ ਮੁੱਖ ਮੰਤਰੀ ਨੇ ਨਰਵਾਣਾ ਟੋਹਾਣਾ ਰੋਡ ’ਤੇ ਨਰਵਾਣਾ ਤੋਂ ਪੁਰਾਣਾ ਹਿਸਾਰ ਰੋਡ ’ਤੇ ਰੇਲਵੇ ਓਵਰਬ੍ਰਿਜ਼ ਦੇ ਨਿਰਮਾਣ ਲਈ 60 ਕਰੋੜ ਰੁਪਏ ਅਤੇ ਨਰਵਾਣਾ ਸ਼ਹਿਰ ਦੇ ਸੀਵਰੇਜ ਸਿਯਟਮ ਨੂੰ ਦਰੁਸਤ ਕਰਨ ਲਈ 75.87 ਕਰੋੜ ਮਨਜ਼ੂਰ ਕੀਤੇ। ਉਨ੍ਹਾਂ ਨਰਵਾਣਾ ਨਗਰ ਪਰਿਸ਼ਦ ਦੇ ਨਵੇਂ ਭਵਨ, ਨਵੀਂ ਸਬਜ਼ੀ ਮੰਡੀ ਦੇ ਭਵਨ ਦਾ ਨਿਰਮਾਣ ਕੀਤੇ ਜਾਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਸ਼ਹਿਰ ਦੇ ਸਟਰੋਮ ਵਾਟਰ ਡਰੇਨੇਜ਼ ਸਿਸਟਮ ਲਈ 31.65 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਤੇ ਹਰਿਆਣਾ ਵਿਕਾਸ ਅਥਾਰਿਟੀ ਦਾ ਇੱਕ ਸੈਕਟਰ ਬਣਾਉਣ ਦਾ ਵੀ ਐਲਾਨ ਕੀਤਾ। ਮਗਰੋਂ ਉਨ੍ਹਾਂ ਨਰਵਾਣਾ ਹਲਕੇ ਦੇ ਵਿਕਾਸ ਲਈ 5 ਕਰੋੜ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਭਾਜਪਾ ਦੇ ਸਾਸ਼ਨਕਾਲ ਵਿੱਚ ਨਰਵਾਣਾ ਦੇ ਵਿਕਾਸ ਕੰਮਾਂ ਨੂੰ ਲੈ ਕੇ 111 ਕੰਮਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 98 ’ਤੇ ਕੰਮ ਪੂਰਾ ਹੋ ਚੁੱਕਿਆ ਹੈ, ਜਦੋਂਕਿ 6 ਕੰਮਾਂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਪਿਛਲੇ 10 ਸਾਲਾਂ ਦੇ ਸਾਸ਼ਨ ਵਿੱਚ ਨਰਵਾਣਾ ਦੇ ਵਿਕਾਸ ਕੰਮਾਂ ਉੱਤੇ 2105 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਦੋਂਕਿ ਇੰਨੇ ਸਮੇਂ ਵਿੱਚ ਕਾਂਗਰਸ ਨੇ ਕੇਵਲ 607 ਕਰੋੜ ਰੁਪਏ ਹੀ ਖਰਚ ਕੀਤੇ ਸੀ। ਇਸ ਮੌਕੇ ਕੈਬਨਿਟ ਮੰਤਰੀ ਰਣਵੀਰ ਗੰਗਵਾ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਉਚਾਨਾ ਦੇ ਵਿਧਾਇਕ ਦੇਵਿੰਦਰ ਅੱਤਰੀ ਅਤੇ ਨਲਵਾ ਦੇ ਵਿਧਾਇਕ ਰਣਧੀਰ ਪਨਿਹਾਰ ਹਾਜ਼ਰ ਸਨ।