Navankur Chaudhary: ਪਾਕਿਸਤਾਨ ਜਾਸੂਸੀ ਦਾ ਸ਼ੱਕ: ਜਯੋਤੀ ਤੋਂ ਬਾਅਦ ਸ਼ੱਕ ਦੀ ਸੂਈ ਨਵਾਂਕੁਰ ਚੌਧਰੀ ਵੱਲ ਘੁੰਮੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ ਏਜੰਸੀ
ਨਵੀਂ ਦਿੱਲੀ, 20 ਮਈ
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਜਯੋਤੀ ਤੋਂ ਬਾਅਦ ਹੁਣ ਯੂਟਿਊਬਰ ਨਵਾਂਕੁਰ ਚੌਧਰੀ ਵੀ ਪੁਲੀਸ ਦੀ ਰਾਡਾਰ ’ਤੇ ਆ ਗਏ ਹਨ। ਨਵਾਂਕੁਰ ਇਸ ਵੇਲੇ ਆਇਰਲੈਂਡ ਵਿਚ ਹੈ ਤੇ ਉਥੋਂ ਵਾਪਸ ਆਉਣ ’ਤੇ ਪੁਲੀਸ ਉਸ ਕੋਲੋਂ ਪੁੱਛਗਿੱਛ ਕਰੇਗੀ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜਯੋਤੀ ਦੀਆਂ ਕਈ ਤਸਵੀਰਾਂ ਵਿਚ ਨਵਾਂਕੁਰ ਵੀ ਸਾਹਮਣੇ ਆਇਆ ਸੀ ਤੇ ਉਸ ਨੂੰ ਪਾਕਿਸਤਾਨ ਦੇ ਨਵੀਂ ਦਿੱਲੀ ਵਿਚਲੇ ਦੂਤਾਵਾਸ ਵਿਚ ਉਸ ਨੂੰ ਗੈਸਟ ਬਣਾਇਆ ਗਿਆ ਸੀ। ਨਵਾਂਕੁਰ ਇਸ ਵੇਲੇ ਯਾਤਰੀ ਡਾਕਟਰ ਦੇ ਨਾਂ ’ਤੇ ਚੈਨਲ ਚਲਾਉਂਦੇ ਹਨ ਤੇ ਉਹ ਰੋਹਤਕ ਦੇ ਰਹਿਣ ਵਾਲੇ ਹਨ ਤੇ ਇਸ ਵੇਲੇੇ ਉਨ੍ਹਾਂ ਦਾ ਪਰਿਵਾਰ ਬਹਾਦਰਗੜ੍ਹ ਵਿਚ ਰਹਿੰਦਾ ਹੈ।
ਨਵਾਂਕੁਰ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਵੀਡੀਓ ਜਾਰੀ ਕਰ ਕੇ ਸਫਾਈ ਵੀ ਦਿੱਤੀ ਹੈ ਕਿ ਉਹ ਪਾਕਿਸਤਾਨ ਸਿਰਫ ਵੀਡੀਓਜ਼ ਬਣਾਉਣ ਤੇ ਆਪਣੇ ਚੈਨਲ ਲਈ ਗਿਆ ਸੀ ਤੇ ਪਾਕਿਸਤਾਨ ਦੂਤਾਵਾਸ ਵਾਲੇ ਪਾਕਿਸਤਾਨ ਆਉਣ ਵਾਲੇ ਹਰ ਮਕਬੂਲ ਯੂਟਿਊਬਰ ਨੂੰ ਸੱਦਦੇ ਹਨ। ਉਸ ਦਾ ਜਯੋਤੀ ਨਾਲ ਕੋਈ ਰਿਸ਼ਤਾ ਨਹੀਂ ਹੈ ਬਲਕਿ ਜਯੋਤੀ ਉਸ ਦੀ ਪ੍ਰਸੰਸਕ ਹੈ ਤੇ ਉਸ ਨੂੰ ਇੰਸਟਾਗਰਾਮ ’ਤੇ ਫਾਲੋ ਕਰਦੀ ਹੈ। ਨਵਾਂਕੁਰ ਨੇ ਕਿਹਾ ਕਿ ਉਹ ਰਜਿਸਟਰਡ ਐਮਬੀਬੀਐੱਸ ਡਾਕਟਰ ਹੈ ਤੇ ਉਸ ਦੀ ਪ੍ਰਸਿੱਧੀ ਦੇਖ ਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਉਹ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਣਗੇ। ਉਸ ਨੇ ਕਿਹਾ ਕਿ ਉਸ ਦਾ ਪਰਿਵਾਰ 1989 ਤੋਂ ਫੌਜ ਵਿਚ ਸੇਵਾਵਾ ਦੇ ਰਿਹਾ ਹੈ ਤੇ ਉਸ ਦੇ ਪਿਤਾ ਨੇ 20 ਸਾਲ ਫੌਜ ਦੇ ਲੇਖੇ ਲਾਏ ਹਨ।