ਕੌਮੀ ਲੋਕ ਅਦਾਲਤ: 14,684 ਟਰੈਫਿਕ ਚਲਾਨਾਂ ਦਾ ਨਿਬੇੜਾ
ਆਤਿਸ਼ ਗੁਪਤਾ
ਚੰਡੀਗੜ੍ਹ, 12 ਜੁਲਾਈ
ਚੰਡੀਗੜ੍ਹ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਲਗਾਈ ਕੌਮੀ ਲੋਕ ਅਦਾਲਤ ਦੌਰਾਨ 20 ਹਜ਼ਾਰ ਦੇ ਕਰੀਬ ਕੇਸਾਂ ’ਤੇ ਸੁਣਵਾਈ ਕੀਤੀ ਗਈ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਟਰੈਫ਼ਿਕ ਚਲਾਨਾਂ ਦਾ ਭੁਗਤਾਨ ਕੀਤਾ ਗਿਆ ਹੈ। ਕੌਮੀ ਲੋਕ ਅਦਾਲਤ ਦੌਰਾਨ ਅੱਜ ਚੰਡੀਗੜ੍ਹ ਵਿੱਚ 14684 ਟਰੈਫਿਕ ਚਲਾਨਾਂ ਦਾ ਨਿਬੇੜਾ ਕੀਤਾ ਗਿਆ ਹੈ, ਜਿਨ੍ਹਾਂ ਤੋਂ 1.82 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੌਮੀ ਲੋਕ ਅਦਾਲਤ ਵਿੱਚ ਸੜਕ ਹਾਦਸੇ, ਪਰਿਵਾਰਕ ਝਗੜੇ, ਚੈੱਕ ਬਾਊਂਸ ਸਣੇ ਹੋਰਨਾਂ ਮਾਮਲਿਆਂ ਨਾਲ ਸਬੰਧਿਤ 2827 ਕੇਸਾਂ ਦਾ ਨਿਬੇੜਾ ਵੀ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੌਮੀ ਲੋਕ ਅਦਾਲਤ ਦੌਰਾਨ ਦਰਜਨਾਂ ਬੈਂਚ ਸਥਾਪਤ ਕੀਤੇ ਗਏ ਸਨ, ਜਿੱਥੇ ਵੱਖ-ਵੱਖ ਵੱਲੋਂ ਲੋਕਾਂ ਦੇ ਮਾਮਲਿਆਂ ਦੀ ਸੁਣਵਾਈ ਕੀਤੀ ਜਾ ਰਹੀ ਸੀ। ਅੱਜ ਕੌਮੀ ਲੋਕ ਅਦਾਲਤ ਵਿੱਚ ਚੈੱਕ ਬਾਊਂਸ ਦੇ 2231 ਕੇਸ, ਸੜਕ ਹਾਦਸਿਆਂ ਵਿੱਚ ਕਲੇਮ ਦੇ 42, ਪਰਿਵਾਰਕ ਝਗੜਿਆਂ ਦੇ 121, ਕਿਰਾਏ ਤੇ ਹੋਰਨਾਂ ਜਨਤਕ ਮਾਮਲਿਆਂ ਨਾਲ ਸਬੰਧਤ 103 ਅਤੇ ਦੁਕਾਨਾਂ ਨਾਲ ਸਬੰਧਿਤ ਝਗੜਿਆਂ ਦੇ 68 ਕੇਸਾਂ ਦਾ ਨਿਬੇੜਾ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਐੱਚਐੱਸ ਗਰੇਵਾਲ ਨੇ ਕਿਹਾ ਕਿ ਕੌਮੀ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਸਮਝੌਤੇ ਕਰਕੇ ਕੇਸਾਂ ਦਾ ਨਿਬੇੜਾ ਕਰਵਾਇਆ ਜਾਂਦਾ ਹੈ। ਇਸ ਦੌਰਾਨ ਕੇਸਾਂ ਦਾ ਨਿਬੇੜਾ ਹੋਣ ਤੋਂ ਬਾਅਦ ਇਨ੍ਹਾਂ ਮਾਮਲਿਆਂ ’ਤੇ ਅਪੀਲ ਨਹੀਂ ਕੀਤੀ ਜਾ ਸਕਦੀ। ਸ੍ਰੀ ਗਰੇਵਾਲ ਨੇ ਲੋਕਾਂ ਨੂੰ ਲੋਕ ਅਦਾਲਤ ਅਦਾਲਤਾਂ ਰਾਹੀ ਆਪਣੇ ਕੇਸਾਂ ਦਾ ਨਿਬੇੜਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਲੋਕਾਂ ਨੂੰ ਜਲਦੀ ਨਿਆਂ ਮਿਲਦਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਲੱਗੀ ਕੌਮੀ ਲੋਕ ਅਦਾਲਤ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਜ਼ਿਆਦਾਤਰ ਲੋਕ ਆਪਣਾ ਟਰੈਫ਼ਿਕ ਚਾਲਾਨ ਦਾ ਭੁਗਤਾਨ ਕਰਵਾਉਣ ਲਈ ਪਹੁੰਚੇ।
ਇਸ ਦੌਰਾਨ ਲੰਮੀਆਂ ਕਤਾਰਾਂ ’ਚ ਖੜ੍ਹੇ ਲੋਕਾਂ ਨੂੰ ਕਈ-ਕਈ ਘੰਟੇ ਵਾਰੀ ਦੀ ਉਡੀਕ ਕਰਨੀ ਪਈ। ਲੋਕਾਂ ਦੀ ਭੀੜ ਕਾਰਨ ਅਦਾਲਤੀ ਕੰਪਲੈਕਸ ਵਿੱਚ ਅੱਜ ਵਾਹਨ ਖੜਾਉਣ ਅਤੇ ਪੈਰ ਰੱਖਣ ਤੱਕ ਦੀ ਥਾਂ ਨਹੀਂ ਸੀ। ਦੂਜੇ ਪਾਸੇ ਲੋਕਾਂ ਦੀ ਵਧਦੀ ਹੋਈ ਭੀੜ ਨੂੰ ਦੇਖਦਿਆਂ ਚੰਡੀਗੜ੍ਹ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਅੰਬਾਲਾ ਤੇ ਨਰਾਇਣਗੜ੍ਹ ’ਚ ਕਰੀਬ 30 ਹਜ਼ਾਰ ਕੇਸਾਂ ਦੀ ਸੁਣਵਾਈ
ਅੰਬਾਲਾ (ਸਰਬਜੀਤ ਸਿੰਘ ਭੱਟੀ): ਅੰਬਾਲਾ ਜ਼ਿਲ੍ਹਾ ਅਦਾਲਤ ਅਤੇ ਨਾਰਾਇਣਗੜ੍ਹ ਸਬ ਡਵੀਜ਼ਨ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੁੰਜਨ ਮਾਹੀ ਦੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਸਕੱਤਰ ਪ੍ਰਵੀਣ ਨੇ ਦੱਸਿਆ ਕਿ ਛੇ ਅਦਾਲਤਾਂ ਵਿੱਚ ਛੇ ਬੈਂਚ ਲਗਾ ਕੇ ਕੁੱਲ 29,829 ਮਾਮਲੇ ਨਿਬੇੜੇ ਗਏ, ਜਿਨ੍ਹਾਂ ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਵੀ ਨਿਬੇੜਾ ਕੀਤਾ ਗਿਆ। ਇਸ ਵਿੱਚ ਬੈਂਕ ਰਿਕਵਰੀ ਦੇ 798, ਚੈਕ ਬਾਊਂਸ ਦੇ 1074, ਅਪਰਾਧਿਕ ਕਿਸਮ ਦੇ 2360, ਰੇਵਨਿਊ ਦੇ 9195 ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਮਾਮਲੇ ਸ਼ਾਮਲ ਸਨ। ਲੋਕ ਅਦਾਲਤ ਮੌਕੇ ਟਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਸੀਜੇਐੱਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਦਾਲਤਾਂ ਵਿੱਚ ਪਏ ਪੁਰਾਣੇ ਮਾਮਲਿਆਂ ਨੂੰ ਲੋਕ ਅਦਾਲਤ ਰਾਹੀਂ ਸੁਲਝਾਇਆ ਜਾਵੇ ਤਾਂ ਕਿ ਸਮਾਂ, ਧਨ ਅਤੇ ਭਾਈਚਾਰੇ ਦੀ ਭਾਵਨਾ ਬਣੀ ਰਹੇ। ਹਰ ਮਹੀਨੇ ਪਹਿਲੇ ਤੇ ਤੀਜੇ ਬੁੱਧਵਾਰ ਨੂੰ ਜੇਲ੍ਹ ਲੋਕ ਅਦਾਲਤ ਵੀ ਲਗਾਈ ਜਾਂਦੀ ਹੈ।