ਕਲਾ ਭਵਨ ’ਚ ‘ਨਾਟਕ ਏਕ ਰੁਕਾ ਹੂਆ ਫ਼ੈਸਲਾ’ ਖੇਡਿਆ
ਹਰਿਆਣਾ ਕਲਾ ਪਰਿਸ਼ਦ ਵੱਲੋਂ ਕੁਰੂਕਸ਼ੇਤਰ ਕਲਾ ਕਿਰਤੀ ਭਵਨ ਵਿੱਚ ਹਫ਼ਤਾਵਾਰੀ ਸ਼ਾਮ ਦੌਰਾਨ ਨਾਟਕ ‘ਏਕ ਰੁਕਾ ਹੂਆ ਫ਼ੈਸਲਾ’ ਦਾ ਮੰਚਨ ਕੀਤਾ ਗਿਆ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਅਤੇ ਰਣਜੀਤ ਕਪੂਰ ਵੱਲੋਂ ਅਨੁਵਾਦਤ ਪਰੰਪਰਾ ਆਰਟਸ ਚੰਡੀਗੜ੍ਹ ਦੇ ਕਲਾਕਾਰਾਂ ਵੱਲੋਂ ਖੇਡੇ ਗਏ ਨਾਟਕ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸਮਾਜ ਸੇਵੀ ਡਾ. ਜੈ ਭਗਵਾਨ ਸਿੰਗਲਾ ਬਤੌਰ ਮੁੱਖ ਮਹਿਮਾਨ ਸਨ ਜਿਨ੍ਹਾਂ ਦਾ ਹਰਿਆਣਾ ਕਲਾ ਪਰਿਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਮੰਚ ਸੰਚਾਲਨ ਵਿਕਾਸ ਸ਼ਰਮਾ ਨੇ ਕੀਤਾ। ਜਾਣਕਾਰੀ ਅਨੁਸਾਰ ਇਹ ਨਾਟਕ 12 ਗੁੱਸੇ ਵਾਲੇ ਵਿਅਕਤੀਆਂ ਦੀਆਂ ਕਹਾਣੀ ’ਤੇ ਆਧਾਰਿਤ ਸੀ। ਇਹ ਇਕ ਕੇਸ ਨੂੰ ਸੁਲਝਾਉਣ ਲਈ ਇੱਕਠੇ ਹੁੰਦੇ ਹਨ ਤੇ ਇਸ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ ਕਿ 18 ਸਾਲ ਦੇ ਨੌਜਵਾਨ ਨੂੰ ਦੋਸ਼ੀ ਠਹਿਰਾਇਆ ਜਾਏ। ਜਿਵੇਂ ਜਿਵੇਂ ਹਰ ਤੱਥ ਸਾਹਮਣੇ ਆਉਂਦਾ ਹੈ ਫੈਸਲੇ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਕਿ 11 ਲੋਕਾਂ ਨੇ ਮੁਲਜ਼ਮ ਨੂੰ ਦੋਸ਼ੀ ਸਾਬਤ ਕਰਨ ਵਿੱਚ ਆਪਣੇ ਫੈਸਲੇ ਦਿੱਤੇ ਹਨ। ਇਕ ਵਿਅਕਤੀ ਸੱਚਾਈ ਨੂੰ ਉਜਾਗਰ ਕਰਨ ਵਿਚ ਆਪਣੀ ਪੂਰੀ ਤਾਕਤ ਲਗਾ ਦਿੰਦਾ ਹੈ। ਕਹਾਣੀ ਦਰਸ਼ਕਾਂ ਦਾ ਧਿਆਨ ਇਸ ਵੱਲ ਖਿੱਚਦੀ ਹੈ ਕਿ ਕਿਵੇਂ ਇਕ ਵਿਅਕਤੀ ਆਪਣੀ ਤਰਕਸ਼ੀਲ ਸੋਚ ਤੇ ਦ੍ਰਿੜਤਾ ਨਾਲ ਲੋਕਾਂ ਦੇ ਇਕ ਸਮੂਹ ਦੇ ਮਨਾਂ ਨੂੰ ਬਦਲ ਸਕਦਾ ਹੈ। ਨਾਟਕ ਦਾ ਨਤੀਜਾ ਸਾਬਤ ਕਰਦਾ ਹੈ ਕਿ ਜੋ ਸੱਚ ਜਾਪਦਾ ਹੈ ਉਹ ਹਮੇਸ਼ਾ ਸੱਚ ਨਹੀਂ ਹੁੰਦਾ ਤੇ ਜਿਊਰੀ ਆਪਣੀ ਵੋਟ ਨੂੰ ਦੇਸ਼ੀ ਤੋਂ ਨਿਰਦੋਸ਼ ਵਿਚ ਬਦਲ ਦਿੰਦੀ ਹੈ। ਨਾਟਕ ਦੇ ਹਰ ਮੋੜ ’ਤੇ ਤਿੱਖੇ ਸੰਵਾਦ ਦਰਸ਼ਕਾਂ ਨੂੰ ਮੋਹਿਤ ਕਰਦੇ ਹਨ। ਦਰਸ਼ਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਉਹ ਵੀ ਜਿਊਰੀ ਦਾ ਹਿੱਸਾ ਹਨ ਜਿਨ੍ਹਾਂ ਨੂੰ ਇਸ ਕੇਸ ਦੇ ਕੰਮ ਦਾ ਜ਼ਿੰਮਾ ਸੌਂਪਿਆ ਗਿਆ ਹੋਵੇ ਤੇ ਉਹ ਵੀ ਸੱਚਾਈ ਦੀ ਖੋਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮਹਿਮਾਨ ਨੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
