ਨਰਵਾਣਾ ਨਮੂਨੇ ਦਾ ਸ਼ਹਿਰ ਬਣੇਗਾ: ਬੇਦੀ
ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਹੈ ਕਿ ਸਾਲ 2026 ਨਰਵਾਣਾ ਦੇ ਵਿਕਾਸ ਦਾ ਵਰ੍ਹਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ 17 ਅਗਸਤ ਨੂੰ ਨਰਵਾਣਾ ਇਲਾਕੇ ਲਈ ਐਲਾਨੇ ਕਰੀਬ 300 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ’ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਨ੍ਹਾਂ ਵਿੱਚ ਆਰਾਮ ਘਰ ਦੇ ਨਵੇਂ ਭਵਨ ਦੀ ਉਸਾਰੀ ਇਸੇ ਮਹੀਨੇ ਅਤੇ ਨਾਗਰਿਕ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਦਾ ਕਾਰਜ ਦਸੰਬਰ ਵਿੱਚ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਹੋਰ ਸਾਰੇ ਵਿਕਾਸ ਕਾਰਜ ਵੀ ਲਗਪਗ ਇੱਕ ਸਾਲ ਵਿੱਚ ਪੂਰੇ ਕਰਵਾ ਦਿੱਤੇ ਜਾਣਗੇ। ਵਿਕਾਸ ਕਾਰਜ ਪੂਰੇ ਹੋਣ ਮਗਰੋਂ ਨਰਵਾਣਾ ਵਿਕਾਸ ਦੇ ਨਵੇਂ ਮਾਡਲ ਰੂਪ ਵਿੱਚ ਨਜ਼ਰ ਆਵੇਗਾ। ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਮਹਾਰਿਸ਼ੀ ਬਾਲਮੀਕਿ ਭਵਨ ਨਰਵਾਣਾ ਵਿੱਚ ਕੀਤੇ ਬੁੱਧੀਜੀਵੀ ਸੰਮੇਲਨ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਆਮ ਵਿਅਕਤੀ ਜਦੋਂ ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਪਹਿਲ ਦੇਵੇਗਾ ਅਤੇ ਵਿਦੇਸ਼ੀ ਉਤਪਾਦਾਂ ਤੋਂ ਦੂਰੀ ਬਣਾਵੇਗਾ ਤਾਂ ਭਾਰਤ ਖ਼ੁਦ ਹੀ ਵਿਕਸਤ ਰਾਸ਼ਟਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਤੋਂ ਦੇਸ਼ ਵਿੱਚ ਕਾਰੋਬਾਰ ਅਤੇ ਸਬ-ਰੁਜ਼ਗਾਰ ਵਧੇਗਾ। ਇਸ ਦਾ ਸਿੱਧਾ ਫ਼ਾਇਦਾ ਭਾਰਤੀ ਉਦਯੋਗ, ਕਾਰਖਾਨੇਦਾਰਾਂ, ਵਪਾਰੀਆਂ ਅਤੇ ਪੜ੍ਹੇ-ਲਿਖੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੋਵੇਗਾ ਤੇ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਢੁੱਲ, ਸਾਬਕਾ ਵਿਧਾਇਕ ਪਿਰਥੀ ਸਿੰਘ ਨੰਬਰਦਾਰ, ਰਾਮਫਲ ਮੋਰਖੀ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਿਤ ਢਾਕਲ, ਸੱਤ ਪ੍ਰਕਾਸ਼ ਸੈਣੀ, ਰਾਜੇਸ਼ ਸ਼ਰਮਾ, ਵਿਨੈ ਮਿੱਤਲ, ਇਸ਼ਵਰ ਗੋਇਲ ਹਾਜ਼ਰ ਰਹੇ।
