ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ
ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਤੋਂ ਅਗਲੇ ਪੜ੍ਹਾਅ ਲਈ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋ ਗਿਆ। ਬੀਤੀ ਦੇਰ ਰਾਤ ਇਸ ਦਾ ਜ਼ਿਲ੍ਹੇ ਦੇ ਪਿੰਡ ਅਜਨਾਲੀ ਨੇੜੇ ਸਵਾਗਤ ਕੀਤਾ ਗਿਆ ਸੀ। ਇਸ ਮੌਕੇ ਸੰਤ ਲੱਖਾ ਸਿੰਘ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਏ ਡੀ ਸੀ ਅਰਵਿੰਦ ਗੁਪਤਾ, ਐੱਸ ਡੀ ਐੱਮ ਚੇਤਨ ਬੰਗੜ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ, ਡੀ ਐੱਸ ਪੀ ਗੁਰਦੀਪ ਸਿੰਘ, ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ ਹਾਜ਼ਰ ਸਨ। ਇੱਥੇ ਪੁਲੀਸ ਦੀ ਟੁਕੜੀ ਨੇ ਗਾਰਡ ਆਫ ਆਨਰ ਦਿੱਤਾ ਅਤੇ ਸੰਗਤ ਲਈ ਚਾਹ ਦਾ ਲੰਗਰ ਲਾਇਆ। ਵਰਨਣਯੋਗ ਹੈੈ ਕਿ ਪੰਜਾਬ ਸਰਕਾਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਯਾਤਰਾ ਵਜੋਂ ਇਹ ਨਗਰ ਕੀਰਤਨ ਫਰੀਦਕੋਟ ਤੋਂ ਸ਼ੂਰੂ ਹੋਇਆ ਸੀ, ਜੋ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਫਿਰੋਜ਼ਪੁਰ, ਮੋਗਾ ਅਤੇ ਲੁਧਿਆਣਾ ਤੋਂ ਹੁੰਦਾ ਹੋਇਆ ਬੀਤੀ ਰਾਤ ਨੈਸ਼ਨਲ ਹਾਈਵੇਅ ਰਾਹੀਂ ਮੰਡੀ ਗੋਬਿੰਦਗੜ੍ਹ ਵਿੱਚ ਦਾਖਲ ਹੋਣ ਉਪਰੰਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚਿਆ ਸੀ।
ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ, ਜਿੱਥੇ ਵਿਧਾਇਕ ਲਖਬੀਰ ਸਿੰਘ ਰਾਏ ਹਾਜ਼ਰ ਸਨ।
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਸਜਾਇਆ ਗਿਆ ਨਗਰ ਕੀਰਤਨ ਬੀਤੀ ਰਾਤ ਮੁਹਾਲੀ ਦੇ ਸੋਹਾਣਾ ਦੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਅੱਜ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਪੁਲੀਸ ਦੀ ਟੁਕੜੀ ਨੇ ਨਗਰ ਕੀਰਤਨ ਵਿਚਲੀ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਵਿਧਾਇਕ ਕੁਲਵੰਤ ਸਿੰਘ ਮੁਹਾਲੀ ਦੇ ਪੁੱਤ ਸਰਬਜੀਤ ਸਿੰਘ ਸਮਾਣਾ ਕੌਂਸਲਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐੱਸ ਡੀ ਐੱਮ ਮੁਹਾਲੀ ਦਮਨਦੀਪ ਕੌਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਵਿੱਚ ਭਾਰੀ ਉਤਸ਼ਾਹ ਸੀ।
ਮੋਰਿੰਡਾ (ਸੰਜੀਵ ਤੇਜਪਾਲ): ਸ਼ਹੀਦੀ ਸ਼ਤਾਬਦੀ ਸਬੰਧੀ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਲੱਖਾ ਸਿੰਘ ਦੀ ਦੇਖ-ਰੇਖ ਹੇਠ ਫਰੀਦਕੋਟ ਤੋਂ ਸਜਾਇਆ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਮੋਰਿੰਡਾ ਪਹੁੰਚਿਆ, ਜਿੱਥੇ ਵਿਧਾਇਕ ਚਰਨਜੀਤ ਸਿੰਘ ਦੀ ਅਗਵਾਈ ਹੇਠ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ।
29 ਤੱਕ ਠੇਕੇ ਬੰਦ ਕਰਨ ਦੇ ਹੁਕਮ
ਰੂਪਨਗਰ (ਜਗਮੋਹਨ ਸਿੰਘ): ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਪੂਜਾ ਸਿਆਲ ਗਰੇਵਾਲ ਨੇ ਪੰਜਾਬ ਆਬਕਾਰੀ ਐਕਟ-1954 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਕਿਲੋਮੀਟਰ ਤੱਕ ਦੇ ਖੇਤਰ ’ਚ ਪੈਂਦੇ ਸਾਰੇ ਸ਼ਰਾਬ ਦੇ ਠੇਕੇ 29 ਨਵੰਬਰ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ ਤੇ ਹਰ ਕਿਸਮ ਦੀ ਸ਼ਰਾਬ ਦੇ ਠੇਕੇ/ ਅਹਾਤੇ, ਸ਼ਰਾਬ ਦੇ ਭੰਡਾਰ ਰੱਖਣ, ਹੋਟਲਾਂ ਆਦਿ ਵਿੱਚ ਸ਼ਰਾਬ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਹੈ।
ਗੁਰਦੁਆਰਾ ਤਾਲਮੇਲ ਕਮੇਟੀ ਨੇ ਨਗਰ ਕੀਰਤਨ ਸਜਾਇਆ
ਐੱਸ ਏ ਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗਤਕਾ ਪਾਰਟੀਆਂ ਨੇ ਤਲਵਾਰਬਾਜ਼ੀ ਦੇ ਜੌਹਰ ਦਿਖਾਏ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਬੈਂਡ ਪਾਰਟੀਆਂ ਨੇ ਸ਼ਮੂਲੀਅਤ ਕੀਤੀ। ਫੇਜ਼ ਅਤੇ ਹੋਰਨਾਂ ਥਾਵਾਂ ਤੇ ਸ਼ਹਿਰ ਦੀਆਂ ਮੰਦਿਰ ਕਮੇਟੀਆਂ ਵਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਲੰਗਰ ਲਗਾਏ ਗਏ। ਨਗਰ ਕੀਰਤਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼ 4 ਤੋਂ ਆਰੰਭ ਹੋ ਕੇ ਗਿਆਨ ਜੋਤੀ ਸਕੂਲ ਫੇਜ਼ 2, ਗੁਰਦੁਆਰਾ ਸਾਹਿਬ ਫੇਜ਼ 2 ਤੋਂ ਹੁੰਦੇ ਹੋਏ ਫੇਜ਼ 1 ਦੇ ਗੁਰਦੁਆਰਾ ਸਾਹਿਬ ਤੋਂ ਪੀ ਟੀ ਐਲ ਚੌਕ, ਬੋਗਨਵਿਲੀਆ ਗਾਰਡਨ ਫੇਜ਼ 4, ਫੇਜ਼ 5 ਦੀ ਮਾਰਕੀਟ ਤੋਂ ਫੇਜ਼ 5 ਦੀਆਂ ਕੋਠੀਆਂ ਦੇ ਅੱਗੋਂ ਦੀ ਹੁੰਦਾ ਹੋਇਆ ਚੀਮਾ ਹਸਪਤਾਲ, 3-5 ਦੀਆਂ ਲਾਈਟਾਂ ਤੋਂ 3ਬੀ-2 ਦੀ ਮਾਰਕੀਟ, 3ਬੀ-1 ਗੁਰਦੁਆਰਾ ਸਾਚਾ ਧੰਨ ਸਾਹਿਬ, ਫੇਜ਼ 7 ਮਾਰਕੀਟ ਦੀਆਂ ਲਾਈਟਾਂ ਵਾਲੇ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਤੋਂ ਫੇਜ਼ 9 ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਲਖਨੌਰ ਸਾਹਿਬ ਤੋਂ ਸ਼ਹੀਦੀ ਯਾਤਰਾ
ਅੰਬਾਲਾ (ਸਰਬਜੀਤ ਸਿੰਘ ਭੱਟੀ): ਸ਼ਹੀਦੀ ਨਗਰ ਕੀਰਤਨ ਅੱਜ ਇਤਿਹਾਸਕ ਗੁਰਦੁਆਰਾ ਲਖਨੌਰ ਸਾਹਿਬ ਤੋਂ ਸਜਾਇਆ ਗਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਮਨਦੀਪ ਰਾਣਾ, ਮਾਰਕੀਟ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਉਗਾੜਾ, ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਤੇਜ ਸਿੰਘ, ਸੁਖਦੇਵ ਸਿੰਘ ਨਨਿਉਲਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਫੁੱਲ ਦੀ ਵਰਖਾ ਕਰ ਕੇ ਯਾਤਰਾ ਦਾ ਸਵਾਗਤ ਕੀਤਾ। ਸ਼ਹੀਦੀ ਯਾਤਰਾ ਮਾਜਰੀ, ਮਰਦੋਂ ਸਾਹਿਬ, ਦੁਰਾਨਾ, ਸ਼ਾਹਪੁਰ, ਖਾਨਪੁਰ, ਕੇਸਰੀ, ਸਾ਼ਹਾ, ਨਹੌਨੀ, ਮੁਲਾਨਾ ਅਤੇ ਦੋਸੜਕਾ ਤੋਂ ਹੁੰਦੀ ਬਰਾੜਾ ਪੁੱਜੇਗੀ, ਜਿੱਥੇ ਰਾਤ ਦਾ ਵਿਸ਼ਰਾਮ ਹੋਵੇਗਾ।
25 ਨਵੰਬਰ ਨੂੰ ਸਰਕਾਰੀ ਛੁੱਟੀ ਕੀਤੀ ਜਾਵੇ: ਵਿੱਜ
ਅੰਬਾਲਾ (ਸਰਬਜੀਤ ਸਿੰਘ ਭੱਟੀ): ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਪੱਤਰ ਲਿਖ ਕੇ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਦੇ 350ਵੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਐਲਾਨਣ ਦੀ ਮੰਗ ਕੀਤੀ ਹੈ। ਵਿੱਜ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਮਨੁੱਖਤਾ, ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਪ੍ਰਤੀਕ ਹੈ। ਉਨ੍ਹਾਂ ਹਰ ਸਾਲ ਲੱਖਾਂ-ਕਰੋੜਾਂ ਸ਼ਰਧਾਲੂ ਇਸ ਦਿਹਾੜੇ ਨੂੰ ਵੱਡੀ ਸ਼ਰਧਾ ਨਾਲ ਮਨਾਉਂਦੇ ਹਨ, ਇਸ ਲਈ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ 25 ਨਵੰਬਰ ਨੂੰ ਸਰਕਾਰੀ (ਗਜ਼ਟਿਡ) ਛੁੱਟੀ ਐਲਾਨਿਆ ਜਾਵੇ।
ਸਹੌੜਾ ’ਚ ਨਗਰ ਕੀਰਤਨ
ਖਰੜ (ਸ਼ਸ਼ੀ ਪਾਲ ਜੈਨ): ਇੱਥੋਂ ਨੇੜਲੇ ਪਿੰਡ ਸਹੌੜਾ ਵਿੱਚ ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਸਹੌੜਾ ਦੇ ਗੁਰਦੁਆਰਾ ਸਾਹਿਬ ਮਾਵੀ ਪੱਤੀ ਤੋਂ ਆਰੰਭ ਹੋਇਆ। ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ’ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਗੁਰਦੁਆਰਾ ਸਾਹਿਬ ਸੈਣੀ ਪੱਤੀ, ਗੁਰਦੁਆਰਾ ਸਾਹਿਬ ਬਾਬਾ ਸੇਡਾ ਸਿੰਘ, ਮਾਤਾ ਰਾਜ ਕੌਰ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸਣੇ ਕਈ ਥਾਈ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ। ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।
ਨਗਰ ਕੀਰਤਨ ਦਾ ਚਮਕੌਰ ਸਾਹਿਬ ’ਚ ਸਵਾਗਤ
ਚਮਕੌਰ ਸਾਹਿਬ (ਸੰਜੀਵ ਬੱਬੀ): ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਲੱਖਾ ਸਿੰਘ ਦੀ ਦੇਖ-ਰੇਖ ਹੇਠ ਫਰੀਦਕੋਟ ਅਤੇ ਅਸਾਮ ਸਮੇਤ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭੇ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਿਆਂ ਚਮਕੌਰ ਸਾਹਿਬ ਪਹੁੰਚੇ, ਜਿੱਥੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਭਾਈ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਸੰਗਤ ਨੇ ਭਰਵਾਂ ਸਵਾਗਤ ਕੀਤਾ। ਸੰਗਤ ਗੁਰੂ ਗ੍ਰੰਥ ਸਾਹਿਬ ਦੀਆਂ ਫੁੱਲਾਂ ਨਾਲ ਸ਼ਿੰਗਾਰੀਆਂ ਸੁੰਦਰ ਪਾਲਕੀਆਂ ਅੱਗੇ ਨਤਮਸਤਕ ਹੋਈ। ਗਤਕਾ ਜਥਿਆਂ ਦੇ ਸਿੰਘਾਂ ਨੇ ਖਾਲਸਾਈ ਜੌਹਰ ਦਿਖਾਏ। ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ। ਇਸ ਮੌਕੇ ਐੱਸ ਡੀ ਐੱਮ ਅਮਰੀਕ ਸਿੰਘ ਸਿੱਧੂ, ਡੀ ਐੱਸ ਪੀ ਮਨਜੀਤ ਸਿੰਘ ਔਲਖ, ਸਮਾਜਸੇਵੀ ਅਮਨਦੀਪ ਸਿੰਘ ਮਾਂਗਟ ਤੇ ਦਵਿੰਦਰ ਸਿੰਘ ਬਾਜਵਾ, ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਹਰਮੋਹਣ ਸਿੰਘ ਸੰਧੂ, ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆ ਅਤੇ ਬਲਦੇਵ ਸਿੰਘ ਹਾਫਿਜ਼ਾਬਾਦ ਹਾਜ਼ਰ ਸਨ।
