NAAC ਵੱਲੋਂ ਅਲ-ਫਲਾਹ ਯੂਨੀਵਰਸਿਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ
ਲਾਲ ਕਿਲ੍ਹਾ ਕਾਰ ਧਮਾਕੇ ਤੋਂ ਕੁਝ ਦਿਨਾਂ ਬਾਅਦ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਨੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਨੂੰ ਆਪਣੀ ਵੈੱਬਸਾਈਟ ’ਤੇ ਝੂਠੀ ਮਾਨਤਾ (accreditation) ਪ੍ਰਦਰਸ਼ਿਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ ’ਤੇ ਦਾਅਵਾ ਕੀਤਾ ਹੈ ਕਿ ਦੋ ਸੰਸਥਾਵਾਂ—ਅਲ-ਫਲਾਹ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਅਲ-ਫਲਾਹ ਸਕੂਲ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ—ਨੂੰ NAAC ਦੁਆਰਾ ਮਾਨਤਾ ਪ੍ਰਾਪਤ ਹੈ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਮਾਨਤਾ ਬਹੁਤ ਪਹਿਲਾਂ ਖ਼ਤਮ ਹੋ ਚੁੱਕੀ ਹੈ, ਇਸ ਲਈ ਇਹ ਦਾਅਵਾ ਗੁੰਮਰਾਹਕੁੰਨ ਸੀ।
ਅਲ-ਫਲਾਹ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਫਤਿਹਪੁਰ ਨੂੰ 23 ਮਾਰਚ, 2013 ਤੋਂ 22 ਮਾਰਚ, 2018 ਦੀ ਮਿਆਦ ਲਈ ਮਾਨਤਾ ਜਾਰੀ ਕੀਤੀ ਗਈ ਸੀ। ਡਿਪਾਰਟਮੈਂਟ ਆਫ਼ ਟੀਚਰ ਐਜੂਕੇਸ਼ਨ, ਅਲ-ਫਲਾਹ ਸਕੂਲ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ, ਫਤਿਹਪੁਰ ਦੀ ਮਾਨਤਾ ਮਾਰਚ 2016 ਵਿੱਚ ਖਤਮ ਹੋ ਗਈ ਸੀ।
ਮਾਨਤਾ ਪੰਜ ਸਾਲਾਂ ਦੀ ਮਿਆਦ ਲਈ ਦਿੱਤੀ ਜਾਂਦੀ ਹੈ। NAAC ਨੇ ਕਿਹਾ ਹੈ ਕਿ ਦੋਵਾਂ ਕਾਲਜਾਂ ਨੇ NAAC ਦੀ ਸਾਈਕਲ-2 ਅਸੈਸਮੈਂਟ ਅਤੇ ਐਕ੍ਰੀਡੇਸ਼ਨ (A&A) ਪ੍ਰਕਿਰਿਆ ਲਈ ਖੁਦ ਅੱਗੇ ਹੋ ਕੇ ਅਰਜ਼ੀ ਨਹੀਂ ਦਿੱਤੀ।
NAAC ਨੇ ਯੂਨੀਵਰਸਿਟੀ ਨੂੰ ਪੁੱਛਿਆ ਹੈ ਕਿ ਅਲ-ਫਲਾਹ ਯੂਨੀਵਰਸਿਟੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਕੌਂਸਲ ਨੇ ਯੂਨੀਵਰਸਿਟੀ ਨੂੰ ਆਪਣੀ ਵੈੱਬਸਾਈਟ ਤੋਂ NAAC ਮਾਨਤਾ ਦੇ ਵੇਰਵੇ ਹਟਾਉਣ ਲਈ ਕਿਹਾ ਹੈ।
NAAC ਨੇ ਇੱਕ ਨੋਟਿਸ ਵਿੱਚ ਕਿਹਾ, "ਯੂਨੀਵਰਸਿਟੀ ਇਸ ਕਾਰਨ ਦੱਸੋ ਨੋਟਿਸ ਦੀ ਪ੍ਰਾਪਤੀ ਤੋਂ 7 ਦਿਨਾਂ ਦੇ ਅੰਦਰ ਜਵਾਬ ਦੇ ਸਕਦੀ ਹੈ।"
ਇਹ ਯੂਨੀਵਰਸਿਟੀ ਉਦੋਂ ਜਾਂਚ ਦੇ ਘੇਰੇ ਵਿੱਚ ਆਈ ਹੈ ਜਦੋਂ ਅਲ-ਫਲਾਹ ਸਕੂਲ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਸੈਂਟਰ ਦੇ ਸਟਾਫ਼ ਮੈਂਬਰ—ਉਮਰ ਉਨ ਨਬੀ, ਮੁਜ਼ੱਮਿਲ ਸ਼ਕੀਲ ਅਤੇ ਸ਼ਾਹੀਨ ਸਈਦ—ਨੂੰ ਲਾਲ ਕਿਲ੍ਹੇ ਦੇ ਬਾਹਰ ਹੋਏ ਕਾਰ ਧਮਾਕੇ ਨਾਲ ਜੋੜਿਆ ਗਿਆ ਸੀ। ਪੀਟੀਆਈ
