ਨਸ਼ਾ ਮੁਕਤੀ ਕੇਂਦਰ 'ਚ ਨੌਜਵਾਨ ਦੀ ਹੱਤਿਆ ਮਾਮਲਾ: ਛੇ ਮੁਲਜ਼ਮ ਕਾਬੂ
ਇੱਥੋਂ ਦੇ ਨੱਗਲ ਥਾਣੇ 'ਚ ਦਰਜ ਹੋਏ ਕਤਲ ਦੇ ਮਾਮਲੇ 'ਚ ਪੁਲੀਸ ਨੇ ਕਾਰਵਾਈ ਕਰਦਿਆਂ ਛੇ ਮੁਲਜਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨ ਸ਼ਾਮਲ ਹਨ। ਪੁਲੀਸ ਮੁਤਾਬਕ ਸ਼ਿਕਾਇਤਕਰਤਾ ਅਨਿਲ ਕੁਮਾਰ ਵਾਸੀ ਲਾਡਵਾ ਨੇ 3 ਅਗਸਤ ਨੂੰ ਨੱਗਲ ਥਾਣੇ ਵਿੱਚ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਭਤੀਜੇ ਆਕਾਸ਼ ਮਾਟਾ ਦੀ 2 ਅਗਸਤ ਨੂੰ ਰਸੂਲਪੁਰ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ ਕੁਝ ਨੌਜਵਾਨਾਂ ਨੇ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਗੌਰਵ ਵਾਸੀ ਬਰਨਾਲਾ, ਹਰਦੀਪ ਸਿੰਘ ਵਾਸੀ ਨੈਨਵਾ (ਹੁਸ਼ਿਆਰਪੁਰ), ਰਵਿੰਦਰ ਵਾਸੀ ਅਲ੍ਹਾਦਪੁਰ (ਫਤਿਹਗੜ੍ਹ ਸਾਹਿਬ), ਜਸਪ੍ਰੀਤ ਸਿੰਘ ਵਾਸੀ ਜਗਰਾਓਂ (ਲੁਧਿਆਣਾ), ਧਰੂਵ ਵਾਸੀ ਲੁਧਿਆਣਾ ਤੇ ਜਸਬੀਰ ਸਿੰਘ ਵਾਸੀ ਚਿੰਤਗੜ੍ਹ (ਰੂਪਨਗਰ) ਵਜੋਂ ਹੋਈ ਹੈ।
ਧਰੂਵ ਅਤੇ ਜਸਬੀਰ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਬਾਕੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਰ ਡੂੰਘਾਈ ਜਾਂਚ ਕੀਤੀ ਜਾ ਰਹੀ ਹੈ।