ਫੀਲਡ ਮਾਰਸ਼ਲ ਬਣਨ ਮਗਰੋਂ ਮੁਨੀਰ ਦੀ ਸ਼ੀ ਨਾਲ ਪਹਿਲੀ ਮੁਲਾਕਾਤ
ਪਾਕਿਸਤਾਨੀ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਫੀਲਡ ਮਾਰਸ਼ਲ ਦਾ ਅਹੁਦਾ ਸੰਭਾਲਣ ਮਗਰੋਂ ਮੁਨੀਰ ਦੀ ਇਹ ਚੀਨੀ ਰਾਸ਼ਟਰਪਤੀ ਨਾਲ ਪਹਿਲੀ ਮੁਲਾਕਾਤ ਹੈ। ਮੁਨੀਰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਆਏ ਵਫ਼ਦ ’ਚ ਸ਼ਾਮਲ ਹਨ ਜਿਸ ਨੇ ਚੀਨੀ ਆਗੂਆਂ ਨਾਲ ਮੀਟਿੰਗ ਕਰਕੇ ਦੁਵੱਲੇ ਅਤੇ ਖੇਤਰੀ ਸਹਿਯੋਗ ਬਾਰੇ ਚਰਚਾ ਕੀਤੀ। ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ’ਚ ਹਿੱਸਾ ਲਿਆ ਸੀ। ਦੂਜੀ ਵਿਸ਼ਵ ਜੰਗ ਦੀ ਸਮਾਪਤੀ ਅਤੇ ਚੀਨੀ ਲੋਕਾਂ ਦੇ ਜਪਾਨੀ ਹਮਲੇ ਵਿਰੁੱਧ ਟਾਕਰੇ ਦੀ 80ਵੀਂ ਵਰ੍ਹੇਗੰਢ ਮੌਕੇ ਹੋਣ ਵਾਲੀ ਪਰੇਡ ਨੂੰ ਵੀ ਉਹ ਦੇਖਣਗੇ। ਮੁਨੀਰ ਜੁਲਾਈ ’ਚ ਵੀ ਚੀਨ ਦੇ ਦੌਰੇ ’ਤੇ ਆਏ ਸਨ ਪਰ ਉਸ ਸਮੇਂ ਉਨ੍ਹਾਂ ਸਿਰਫ਼ ਉਪ ਰਾਸ਼ਟਰਪਤੀ ਹਾਨ ਜ਼ੇਂਗ ਨਾਲ ਹੀ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਨੀਰ ਦਾ ਸਵਾਗਤ ਕਰਦਿਆਂ ਵ੍ਹਾਈਟ ਹਾਊਸ ’ਚ ਉਨ੍ਹਾਂ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ ਜਿਸ ਨੂੰ ਚੀਨ ’ਚ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਸੀ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਾਕਿਸਤਾਨ ਅਤੇ ਚੀਨ ਦੋਵੇਂ ਮੁਲਕਾਂ ਨੇ ਦੁਵੱਲੇ ਅਤੇ ਖੇਤਰੀ ਸਹਿਯੋਗ ਬਾਰੇ ਚਰਚਾ ਕੀਤੀ। ਸ਼ਰੀਫ਼ ਨੇ ਸ਼ੀ ਵੱਲੋਂ ਐੱਸਸੀਓ ਸਿਖਰ ਸੰਮੇਲਨ ਦੌਰਾਨ ਪੇਸ਼ ਕੀਤੀ ਗਲੋਬਲ ਗਵਰਨੈਂਸ ਇਨੀਸ਼ਿਏਟਿਵ ਦੀ ਵੀ ਸ਼ਲਾਘਾ ਕੀਤੀ।