13 ਲੱਖ ਤੋਂ ਵੱਧ ਉਮੀਦਵਾਰਾਂ ਦੇ ਦਿੱਤੀ ਸੀਈਟੀ ਪ੍ਰੀਖ਼ਿਆ
ਵਿਸ਼ੇਸ਼ ਗੱਡੀ ਡੇਢ ਘੰਟਾ ਲੇਟ ਹੋਈ
ਹਰਿਆਣਾ ਸੀਈਟੀ ਪ੍ਰੀਖਿਆਰਥੀਆਂ ਲਈ ਅੱਜ ਦੂਜੇ ਦਿਨ ਰੇਲਵੇ ਵੱਲੋਂ ਚਲਾਈ ਗਈ ਵਿਸ਼ੇਸ਼ ਗੱਡੀ ਤੈਅ ਸਮੇਂਂ ਤੋਂ ਕਾਫੀ ਦੇਰੀ ਨਾਲ ਪਹੁੰਚੀ, ਜਿਸ ਕਰਕੇ ਕਈ ਪ੍ਰੀਖਿਆਰਥੀ ਪ੍ਰੀਖ਼ਿਆ ਕੇਂਦਰਾਂ ’ਤੇ ਸਮੇਂ ਸਿਰ ਪਹੁੰਚਣ ਤੋਂ ਪੱਛੜ ਗਏ। ਸੋਨੀਪਤ-ਚੰਡੀਗੜ੍ਹ ਐਗਜ਼ਾਮ ਵਿਸ਼ੇਸ਼ ਗੱਡੀ ਨੰਬਰ 04503 ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ 1 ਘੰਟਾ 40 ਮਿੰਟ ਦੀ ਦੇਰੀ ਨਾਲ ਪਹੁੰਚੀ। ਗੱਡੀ ਲੇਟ ਹੋਣ ਕਰਕੇ ਹਜ਼ਾਰਾਂ ਪ੍ਰੀਖਿਆਰਥੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪ੍ਰੀਖਿਆ ਦੀ ਪਹਿਲੀ ਸ਼ਿਫਟ 10 ਵਜੇ ਸ਼ੁਰੂ ਹੋਣੀ ਸੀ। ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਗੱਡੀਆਂ ਨੂੰ ਸੁਪਰ-ਫਾਸਟ ਗੱਡੀਆਂ ਦੇ ਮੁਕਾਬਲੇ ਤਰਜੀਹ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਵਿਸ਼ੇਸ਼ ਗੱਡੀ ਲੇਟ ਹੋ ਗਈ।
ਅੱਜ ਦਿੱਲੀ-ਅੰਮ੍ਰਿਤਸਰ ਰੂਟ ਦੀਆਂ ਕਈ ਗੱਡੀਆਂ ਅੱਧੇ ਤੋਂ ਇਕ ਘੰਟਾ ਦੇਰੀ ਨਾਲ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀਆਂ। ਊਂਚਾਹਾਰ ਐਕਸਪ੍ਰੈੱਸ ਕਰੀਬ ਢਾਈ ਘੰਟੇ ਦੇਰੀ ਨਾਲ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ।